ਸੂਫੀ ਦਰਵੇਸ਼- ਸ਼ਾਹ ਅਬਦੁਲ


ਸਾਂਝਾ ਪੰਜਾਬ ਸਾਈਟ ਤੋਂ ਧੰਨਵਾਦ ਸਹਿਤ
ਸਿੰਧ ਦਾ ਸੂਫੀ ਦਰਵੇਸ਼ ਸ਼ਾਹ ਅਬਦੁਲ ਲਤੀਫ ਭਿਟਾਈ सिंध दा सूफी दरवेश शाह अबदुल लतीफ भिटाई
امرتا پریتمਅੰਮ੍ਰਿਤਾ ਪ੍ਰੀਤਮ अंमृता प्रीतम
شاہ لطیفَ بھٹائی
ਸ਼ਾਹ ਅਬਦੁਲ ਲਤੀਫ ਸੱਯਦ ਘਰਾਣੇ ਦਾ ਸੂਫੀ ਦਰਵੇਸ਼ ਸੀ । ਇਹ ਘਰਾਣਾ ਹਰਾਤ ( ਅਫਗਾਨਿਸਤਾਨ ) ਤੋਂ 1398 ਈ: ਵਿਚ ਸਿੰਧ ਆਇਆ ਸੀ । ਸ਼ਾਹ ਅਬਦੁਲ ਦਾ ਬਾਪ ਸ਼ਾਹ ਹਬੀਬ ਆਪਣੀ ਦਰਵੇਸ਼ੀ ਜ਼ਿੰਦਗੀ ਵਿਚ ਹਮੇਸ਼ਾ ਜਿਸਮ ਤੇ ਹਰਾ ਚੋਲਾ ਪਾਂਦਾ ਰਿਹਾ । ਮਰੀਜ਼ਾਂ ਨੂੰ ਦਵਾ ਦਿੰਦਾ , ਤੇ ਲੋੜਵੰਦਾ ਲਈ ਦੁਆ ਕਰਦਾ , ਉਹ ਰੱਬ ਦਾ ਵੀ ਮਹਿਬੂਬ ਸੀ , ਲੋਕਾਂ ਦਾ ਵੀ । ਅੱਗੋਂ ਬੀਵੀ ਮਿਲੀ ਇਕ ਦੀਵਾਨੇ ਫ਼ਕੀਰ ਦੀ ਬੇਟੀ । ਇਹਨਾਂ ਦੋਹਾਂ ਤੋਂ ਸ਼ਾਹ ਅਬਦੁਲ ਲਤੀਫ ਦਾ ਜਨਮ ਹੋਇਆ 1689 ਵਿਚ । ਨਾਨਕਿਆਂ ਤੇ ਦਾਦਕਿਆਂ ਦੋਹਾਂ ਵੱਲੋਂ ਰੂਹਾਨੀ ਵਿਰਸਾ ਪਾਇਆ ।
ਕੋਟਰੀ ਵਿਚ ਇਕ ਮੁਗਲ ਸਰਦਾਰ , ਮਿਰਜ਼ਾ ਮੁਗਲ ਬੇਗ ਨਾਂ ਦਾ ਰਹਿੰਦਾ ਸੀ , ਜੋ ਸਾਰੇ ਇਲਾਕੇ ਦਾ ਤਕੜਾ ਜ਼ਮੀਨਦਾਰ ਤੇ ਰੋਅਬ – ਦਾਅਬ ਵਾਲਾ ਬੰਦਾ ਸੀ । ਉਹਦੇ ਘਰ ਪਰਦੇ ਦੀ ਪਾਲਣਾ ਸਖਤੀ ਨਾਲ ਕੀਤੀ ਜਾਂਦੀ ਸੀ । ਕੋਈ ਗੈਰ ਹਵੇਲੀ ਦੀ ਡਿਉੜੀ ਤਕ ਵੀ ਨਹੀਂ ਸੀ ਜਾ ਸਕਦਾ । ਪਰ ਉਹਦੀ ਸ਼ਾਹ ਹਬੀਬ ਵਿਚ ਅਕੀਦਤ ਸੀ , ਸੱਯਦਾਂ ਦੀ ਇੱਜ਼ਤ – ਅਫਜ਼ਾਈ ਵੀ ਕਰਦਾ ਸੀ ।
ਇਕ ਵਾਰ ਮੁਗਲ ਸਰਦਾਰ ਦੀ ਜਵਾਨ ਬੇਟੀ ਬੀਮਾਰ ਹੋਈ , ਤਾਂ ਉਹਨੂੰ ਜਾਪਿਆ , ਕਿਤੋਂ ਸਫਾ ਨਹੀਂ ਮਿਲ ਰਹੀ , ਇਸ ਲਈ ਸ਼ਾਹ ਹਬੀਬ ਜੇ ਆ ਕੇ ਦੁਆ ਕਰੇ , ਤਾਂ ਬੇਟੀ ਰਾਜ਼ੀ ਹੋ ਸਕਦੀ ਹੈ । ਸੁਨੇਹਾ ਘੱਲਿਆ ਗਿਆ , ਪਰ ਜਾਪਦਾ ਹੈ – ਕੁਦਰਤ ਕੋਈ ਆਪਣਾ ਰਾਜ਼ ਖੋਲ੍ਹਣ ਵਾਲੀ ਸੀ ।
ਸ਼ਾਹ ਹਬੀਬ ਦੀ ਤਬੀਅਤ ਨਾਸਾਜ਼ ਸੀ , ਇਸ ਲਈ ਉਨ੍ਹਾਂ ਨੇ ਆਪਣੇ ਵੀਹਾਂ ਵਰ੍ਹਿਆਂ ਦੇ ਜਵਾਨ ਬੇਟੇ ਸ਼ਾਹ ਅਬਦੁਲ ਲਤੀਫ ਨੂੰ ਭੇਜਿਆ ਕਿ ਉਹ ਜਾ ਕੇ ਬੇਟੀ ਦੀ ਸਿਹਤਯਾਬੀ ਲਈ ਦੁਆ ਕਰੇ !
ਸ਼ਾਹ ਨੂੰ ਮਰੀਜ਼ ਦੇ ਕਮਰੇ ਤਕ ਲਿਜਾਇਆ ਗਿਆ । ਕੁਦਰਤ ਦੇ ਹੋਠਾਂ ਤੇ ਇਕ ਮੁਸਕਰਾਹਟ ਆਈ । ਸ਼ਾਹ ਅਬਦੁਲ ਲਤੀਫ ਨੇ ਜਦੋਂ ਨਜ਼ਰ ਭਰ ਕੇ ਉਸ ਹੁਸੀਨਾ ਵੱਲ ਵੇਖਿਆ , ਦੀਵਾਨਗੀ ਦਾ ਆਲਮ ਛਾ ਗਿਆ । ਬੀਮਾਰ ਹੁਸੀਨਾ ਦੇ ਹੱਥ ਦੀ ਇਕ ਉਂਗਲ ਫੜੀ ਤੇ ਦੁਆ ਕੀਤੀ –
ਉਂਗਲ ਜਿਸ ਦੀ ਸੱਯਦ ਦੇ ਹੱਥ
ਲਹਿਰਾਂ ਉਸ ਨੂੰ ਡੋਬਣ ਨਾਹੀ ….
ਲੜਕੀ ਦਾ ਬਾਪ ਮਿਰਜ਼ਾ ਮੁਗਲ ਬੇਗ ਨੇੜੇ ਹੀ ਖਲੋਤਾ ਸੀ , ਜਿਹਦੇ ਬਦਨ ਵਿਚ ਅੱਗ ਦੀ ਲਕੀਰ ਫਿਰ ਗਈ । ਪਰ ਬੋਲਣ ਦਾ ਵੇਲਾ ਨਹੀਂ , ਉਹਨੇ ਗੁੱਸੇ ਦੀ ਅੱਗ ਦਾ ਘੁੱਟ ਭਰ ਲਿਆ । ਬੀਮਾਰ ਨੂੰ ਤਾਂ ਸਫਾ ਮਿਲ ਗਈ , ਪਰ ਮੁਗਲ ਸਰਦਾਰ ਦੀ ਸੱਯਦਾਂ ਨਾਲ ਦੁਸ਼ਮਣੀ ਪੈ ਗਈ ….
ਸੱਯਦਾਂ ਨੇ ਆਏ ਦਿਨ ਦੇ ਝੇੜਿਆਂ ਤੋਂ ਤੰਗ ਆ ਕੇ ਕੋਟਰੀ ਛੱਡ ਦਿੱਤੀ , ਤੇ ਕਸਬੇ ਦੀ ਵਲਗਣ ਤੋਂ ਬਾਹਰ ਵਾਰ ਆਪਣੀ ਹਵੇਲੀ ਛੱਤ ਲਈ …
ਸ਼ਾਹ ਅਬਦੁਲ ਲਤੀਫ ਦੇ ਵਜੂਦ ਨੂੰ ਲੋਕ ਵੇਖਣ ਲੱਗੇ , ਰੱਬ ਵੀ । ਇਸ਼ਕ ਨੇ ਬੇਖੁਦੀ ਦਾ ਆਲਮ ਪੈਦਾ ਕਰ ਦਿੱਤਾ । ਉਹ ਘਰੋਂ ਨਿਕਲ ਕੇ ਉਜਾੜ ਵਿਚ ਰੇਤ ਦੇ ਟਿੱਲਿਆਂ ਤੇ ਬੈਠਾ ਰਹਿੰਦਾ । ਇਕ ਵਾਰ ਤਾਂ ਹਨੇਰੀਆਂ ਨਾਲ ਉਡਦੀ ਰੇਤ ਨੇ ਪੂਰੇ ਦੇ ਪੂਰੇ , ਉਹਦੇ ਵਜੂਦ ਨੂੰ ਦਬਾ ਦਿੱਤਾ , ਪਰ ਚਾਦਰ ਦਾ ਇਕ ਸਿਰਾ ਸੀ , ਜੋ ਰੇਤ ਦੀ ਕਬਰ ਵਿਚੋਂ ਬਾਹਰ ਨਿਕਲਿਆ ਹੋਇਆ ਸੀ , ਜਿਸ ਨੂੰ ਤਿੰਨਾਂ ਦਿਨਾਂ ਪਿਛੋਂ ਇਕ ਆਜੜੀ ਨੇ ਵੇਖਿਆ , ਜੋ ਅੱਗੇ ਵੀ ਕਦੇ ਸ਼ਾਹ ਲਤੀਫ ਨੂੰ ਟਿੱਲੇ ਤੇ ਬੈਠਿਆ ਵੇਖਦਾ ਹੁੰਦਾ ਸੀ । ਉਹਨੇ ਦੌੜ ਕੇ ਸ਼ਾਹ ਹਬੀਬ ਦੇ ਘਰ ਖਬਰ ਦਿੱਤੀ । ਤੇ ਸ਼ਾਹ ਜੀ ਨੇ ਦੋ ਮੁਰੀਦਾਂ ਦੀ ਮਦਦ ਨਾਲ ਬੇਟੇ ਨੂੰ ਰੇਤ ਦੀ ਕਬਰ ਵਿਚੋਂ ਕੱਢਿਆ ….
ਅਬਦੁਲ ਲਤੀਫ ਨੇ ਜਦੋਂ ਚਾਰੇ ਪਾਸੇ ਵੇਖਿਆ , ਤਾਂ ਹੋਠ ਫਰਕੇ –
ਵਗੀ ਹਨੇਰੀ , ਰੇਤ ਨੇ ਦੱਬੇ , ਸਾਰੇ ਅੰਗ ਜਿਸਮਾਨੀ , ਸਾਹ ਅਜੇ ਵੀ ਆਵੇ ਜਾਵੇ , ਵੇਖਾਂ ਹੁਸਨ ਨੂਰਾਨੀ …
ਇਹੀ ਬੇਖੁਦੀ ਦਾ ਆਲਮ ਸੀ ਕਿ ਇਕ ਦਿਹਾੜੇ ਅਬਦੁਲ ਲਤੀਫ ਨੇ ਜੋਗੀਆਂ ਦਾ ਬਾਣਾ ਪਾ ਲਿਆ , ਤੇ ਚੁਪ – ਚੁਪੀਤਾ ਘਰੋਂ ਨਿਕਲ ਗਿਆ । ਇਤਫਾਕ ਇਹ ਹੋਇਆ ਕਿ ਰਾਹ ਵਿਚ ਜੋਗੀਆਂ ਦੀ ਇਕ ਟੋਲੀ ਮਿਲ ਗਈ , ਜੋ ਤੀਰਥ ਯਾਤਰਾ ਕਰ ਰਹੀ ਸੀ ।
ਕਹਿੰਦੇ ਹਨ – ਸ਼ਾਹ ਲਤੀਫ ਸਭ ਤੋਂ ਪਹਿਲਾਂ ਗਾਂਜੋ ਫੇਰੀਆਂ ਦੇ ਕਾਲੀ ਦੇ ਮੰਦਰ ਵਿਚ ਗਿਆ ….
( ਇਹ ਇਲਾਕਾ ਅੱਜ ਦੇ ਹੈਦਰਾਬਾਦ ਸ਼ਹਿਰ ਦਾ ਇਲਾਕਾ ਹੈ । ਜੋ ਅਬਦੁਲ ਲਤੀਫ ਦੀ ਜ਼ਿੰਦਗੀ ਤੋਂ ਸੋਲ੍ਹਾਂ ਵਰ੍ਹੇ ਪਿਛੋਂ ਵੱਸਿਆ ਸੀ । )
ਕਰਾਚੀ ਸ਼ਹਿਰ ਅਜੇ ਵਸਿਆ ਨਹੀਂ ਸੀ , ਕਲਾਦੀ ਨਾਂ ਦੀ , ਇਕ ਭਿਆਨਕ ਸਮੁੰਦਰ ਦੀ ਘੁੰਮਣਘੇਰੀ ਸੀ , ਜਿਹਦੇ ਵਿਚ ਰੱਬ ਜਾਣੇ ਕਿੰਨੀਆਂ ਬੇੜੀਆਂ ਡੁੱਬ ਚੁੱਕੀਆਂ ਸਨ । ਤੇ ਇਸ ਘੁੰਮਣਘੇਰੀ ਦਾ ਨਜ਼ਾਰਾ ਵੇਖ ਕੇ , ਜੋਗੀਆਂ ਦੀ ਟੋਲੀ ਠੱਠੇ ਪਹੁੰਚੀ , ਜੋ ਸਿੰਧ ਦੀ ਰਾਜਧਾਨੀ ਸੀ , ਬੜੀ ਰਮਣੀਕ ਤੇ ਖੁਸ਼ਹਾਲ ਲੋਕਾਂ ਦੀ । ਇਥੇ ਅਬਦੁਲ ਲਤੀਫ ਦੀ ਮੁਲਾਕਾਤ ਇਕ ਬਹੁਤ ਵੱਡੇ ਸੂਫੀ ਮਖ਼ਦੂਮ ਮੁਈਨ ਨਾਲ ਹੋਈ । ਤਰੀਕਤ ਤੇ ਮਾਰਗੀ ਦੇ ਚਰਚੇ ਹੋਏ , ਤੇ ਇਹ ਮੁਲਾਕਾਤ ਰੂਹਾਨੀ ਦੋਸਤੀ ਵਿਚ ਬਦਲ ਗਈ ।
ਇਥੋਂ ਸ਼ਾਹ ਲਤੀਫ ਸੱਸੀ ਦੇ ਸ਼ਹਿਰ ਭੰਬੋਰ ਗਿਆ , ਤੇ ਸੱਸੀ ਦੀ ਦਾਸਤਾਨ ਨੂੰ ਬਾਅਦ ਵਿਚ ਆਪਣੇ ਕਲਾਮ ਵਿਚ ਉਤਾਰਿਆ ।
ਜੋਗੀਆਂ ਦੀ ਇਸ ਟੋਲੀ ਨੇ ਇਸ ਤੋਂ ਬਾਅਦ ਹਿੰਗਲਾਜ ਦੀ ਯਾਤਰਾ ਕਰਨੀ ਸੋਚੀ । ਇਹ ਇਲਾਕਾ ਕਰਾਚੀ ਤੋਂ ਕੋਈ ਡੇਢ ਸੌ ਮੀਲਾਂ ਤੇ ਬਲੋਚਿਸਤਾਨ ਦੇ ਇਲਾਕੇ ਵਿਚ ਹੈ , ਜਿਥੇ ਹਿੰਗਲਾ ਦੇਵੀ ਦਾ ਮੰਦਿਰ ਹੈ । ਹਿੰਗਲਾ ਸ਼ਿਵ ਪਤਨੀ ਪਾਰਬਤੀ ਦਾ ਹੀ ਨਾਂ ਹੈ । ਇਸ ਮੰਦਰ ਵਿਚ ਸਾਰੇ ਅਕੀਦਤਮੰਦ ਅੰਬਾ ਪਾਰਬਤੀ ( ਹਿੰਗਲਾ ) ਦੀ ਮੂਰਤੀ ਉਤੇ ਦੁੱਧ ਦੇ ਛੱਟੇ ਮਾਰਦੇ ਹਨ ।
ਇਸ ਮੰਦਰ ਤੋਂ ਮੁੜਦਿਆਂ ਰਾਹ ਵਿਚ ਲਾਹੂਤ ਦੀ ਗੁਫਾ ਵੇਖੀ , ਜਿਥੇ ਗਊ ਦੇ ਥਣਾਂ ਦੀ ਸੂਰਤ ਵਿਚ ਪੱਥਰਾਂ ਦਾ ਉਭਾਰ ਹੈ । ਤੇ ਜਿਥੇ ਉਨ੍ਹਾਂ ਪੱਥਰਾਂ ਵਿਚੋਂ ਦੁੱਧ ਸਿੰਮਦਾ ਹੈ । ਇਸ ਇਲਾਕੇ ਨੂੰ ਉਸ ਥਾਂ ਦਾ ਗੋਕਲ ਕਿਹਾ ਜਾਂਦਾ ਹੈ ।
ਦਵਾਰਕਾ ਤੋਂ ਬਾਅਦ ਇਹ ਜੋਗੀ ਗਿਰਨਾਰ ਦੀ ਚੋਟੀ ਤੇ ਗਏ , ਜਿਹਨੂੰ ਗੋਰਖਨਾਥ ਦਾ ਟਿੱਲਾ ਆਖਦੇ ਹਨ ।
ਆਖਰ ਆਪਣੇ ਪਿੰਡ ਗਰਾਂ ਕੋਟਰੀ ਵਲ ਪਰਤੇ , ਤਾਂ ਰਾਹ ਵਿਚ ਸ਼ੁਤਰਬਾਨ ਦੀ ਆਵਾਜ਼ ਸੁਣੀ ਜੋ ਬੜੀ ਦਰਦ ਰੰਝਾਣੀ ਸੀ –
ਮੈਂ ਹੁਣ ਪੁੰਨੂ ਦੇ ਵੱਲ ਕੱਲੀ , ਆਪੇ ਸਫਰ ਕਰਾਂਗੀ …
ਸ਼ਾਹ ਲਤੀਫ ਨੇ ਪੁੱਛਿਆ , ਤਾਂ ਸ਼ੁਤਰਬਾਨ ਨੇ ਕਿਹਾ – ਮੈਂ ਥੱਲਾਂ ਵਿਚ ਦੀ ਲੰਘ ਰਿਹਾਂ ਸਾਂ , ਕੋਈ ਦਰਵੇਸ਼ ਉਥੇ ਗੋਂਦਾ ਪਿਆ ਸੀ , ਜਿਹਦਾ ਇੱਕੋ ਮਿਸ਼ਰਾ ਚੇਤੇ ਰਹਿ ਗਿਆ …
ਉਥੇ ਸ਼ਾਹ ਲਤੀਫ ਨੇ ਮਿਸ਼ਰੇ ਜੋੜੇ –
ਲੰਘਾਗੀ ਮੈਂ ਉਚੇ ਪਰਬਤ , ਸਿੱਧੀ ਘਾਟ ਚੜ੍ਹਾਗੀਂ
ਦਰਦ ਮਿੱਤਰ ਦਾ ਸੰਗੀ ਮੋਰਾ , ਹੋਰ ਸਾਥ ਨਾ ਲੋੜਾਂ …
ਸ਼ਾਹ ਲਤੀਫ ਘਰ ਮੁੜਿਆ , ਸ਼ਾਹ ਹਬੀਬ ਦੇ ਵਿਹੜੇ ਜਿਵੇਂ ਚੰਨ ਉਤਰ ਆਇਆ ।
ਕੁਝ ਦਿਨ ਹੀ ਹੋਏ ਸਨ ,ਘਰ ਪਰਤਿਆਂ ਸੁਣਿਆ ਕਿ – ਮੁਗਲ ਬੇਗ ਦੇ ਘਰ ਡਾਕਾ ਪੈ ਗਿਆ ਹੈ । ਡਾਕੂ ਸਾਰਾ ਘਰ ਹੀ ਲੁੱਟ ਕੇ ਲੈ ਗਏ ਹਨ । ਤੇ ਮਿਰਜ਼ਾ , ਡਾਕੂਆਂ ਦਾ ਪਿੱਛਾ ਕਰਨ ਲਈ ਕੁਝ ਹਥਿਆਰਬੰਦ ਆਦਮੀ ਲੈ ਕੇ ਤੁਰਨ ਲੱਗਾ ਹੈ …
ਇਹ ਇਨਸਾਨੀ ਤਕਾਜ਼ਾ ਸੀ ਕਿ ਡਾਕੂਆਂ ਦਾ ਪਿੱਛਾ ਕਰਨ ਲਈ , ਸ਼ਾਹ ਲਤੀਫ ਨੇ ਮਿਰਜ਼ੇ ਅੱਗੇ ਪੇਸ਼ਕੇਸ਼ ਕੀਤੀ ਕਿ ਉਨ੍ਹਾਂ ਦੇ ਕਈ ਬਹਾਦਰਾਂ ਦੀ ਖਿਦਮਤ ਵੀ ਹਾਜ਼ਰ ਹੈ । ਪਰ ਮੁਗਲ ਸਰਦਾਰ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ।
ਇਹ ਮੁਗਲ ਸਰਦਾਰ ਦੇ ਘਰ ਦੀ ਤਕਦੀਰੀ ਘਟਨਾ ਸੀ ਕਿ ਉਹ ਡਾਕੂਆਂ ਦਾ ਪਿੱਛਾ ਕਰਦਾ ਮਾਰਿਆ ਗਿਆ , ਤੇ ਉਹਦਾ ਘਰ ਇਕ ਹਓਕਾ ਬਣ ਕੇ ਰਹਿ ਗਿਆ …
ਮੁਗਲ ਬੇਗਮਾਂ ਨੂੰ ਇਹ ਮੁਸੀਬਤ ਸੱਯਦਾਂ ਦੀ ਬਦਦੁਆ ਜਾਪਣ ਲੱਗੀ , ਤੇ ਉਸ ਘਰਾਣੇ ਦੀ ਰਹਿਮਤ ਪਾਣ ਲਈ , ਅਬਦੁਲ ਲਤੀਫ ਨੂੰ , ਘਰ ਦੀ ਹੁਸੀਨ ਬੇਟੀ ਸੱਯਦਾ ਨਾਲ ਸ਼ਾਦੀ ਕਰ ਲੈਣ ਦਾ ਪੈਗਾਮ ਭੇਜਿਆ । ਇਹ ਸੱਯਦਾ ਉਹੀ ਹੁਸੀਨਾ ਸੀ , ਜਿਹਦੇ ਇਸ਼ਕ ਨੇ ਅਬਦੁਲ ਲਤੀਫ ਨੂੰ ਦੀਵਾਨਿਆ ਕਰ ਦਿੱਤਾ ਸੀ …
ਤੇ ਇੰਜ ਇਕ ਨਿਕਾਹਨਾਮੇ ਨੂੰ ਆਖਰ ਇਹ ਇਸ਼ਕ ਮਨਜ਼ੂਰ ਹੋਇਆ …

%d bloggers like this: