anjania Dhartian ਅਨਜਾਣੀਆਂ ਧਰਤੀਆਂ


ਘੁੰਮਕੜ ਮਿੰਨੀ ਗਰੇਵਾਲ ਮਣਕਿਆਂ ਦੀ ਸ਼ੌਕੀਨ ਹੈ। ਮਣਕਿਆਂ ਵਾਲੀ ਮਿੰਨੀ ਵੇਖਣ ਵਿਚ ਭਾਵੇਂ ਸਹਿਜ ਲਗਦੀ ਹੈ ਪਰ ਮਣਕੇ ਪਾਈ ਉਹ ਖੁਦ ਵੀ ਐਸੀ ਮੂਰਤ ਲਗਦੀ ਹੈ ਜਿਵੇਂ ਇਹ ਪਾਏ ਹੋਏ ਮਣਕੇ ਹੋਰ ਕਿਤੇ ਸਾਂਭੇ ਹੀ ਨਹੀ ਜਾ ਸਕਦੇ  ਸੀ। ਇਹ ਦਿਖ ਉਸਦੀ ਕਮਾਈ ਹੋਈ ਹੈ। ਇਸ ਕਮਾਈ ਨੇ ਹੀ ਉਸਦਾ ਮਿੰਨ੍ਹਾਂ ਮਿੰਨ੍ਹਾਂ ਮੁਸਕਰਾਉਣਾ ਦਿਲ ਖਿਚਵਾਂ ਬਣਾ ਦਿੱਤਾ ਹੈ। ਇਹ ਖਿਚ ਸਾਈ ਦੇਕੇ ਨਹੀ ਬਣਦੀ ਇਸਦਾ ਪਤਾ ਵੀ ਮਿੰਨੀ ਨੂੰ ਮਿਲਕੇ ਹੀ ਲਗਦਾ ਹੈ। ਦੂਸਰੇ ਦੀ ਗੱਲ ਸੁਣਨ ਵਾਲੀ ਕਦੇ ਕਦੇ ਆਪਣੀ ਗੱਲ ਵਿਚੇ ਹੀ ਛਡ ਦਿੰਦੀ ਹੈ। ਆਦਤਨ ਦੁਬਾਰਾ  ਪੁੱਛਦੀ ਵੀ ਨਹੀ ਪਰ ਰਹੱਸਾਂ ਨੂੰ ਦਿਲ ਵਿਚ ਸਮਾ ਲੈਂਦੀ ਹੈ। ਉਹਦੇ ਦਿਲ ਵਿਚ ਇੱਕ ਬਹੁਤ ਵਡਾ ਗੋਦਾਮ ਹੈ। ਜਿਸਨੂੰ ਉਸਨੇ ਕਈ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਇਹ ਵੰਡ ਵੰਡਾਈ ਵੀ ਬੜੇ ਸਲੀਕੇ ਦੀ ਹੈ, ਜਿਸਨੂੰ ਉਸਨੇ ਆਪਣੇ ਅਵਚੇਤਨ ਵਿਚ ਸਮਾ ਲਿਆ ਹੈ। ਉਸਦਾ ਅਵਚੇਤਨ ਬਹੁਤ ਸੂਖਮ ਤੇ ਸੰਵੇਦਨਸ਼ੀਲ ਹੈ ਜੋ ਮਾੜੀ ਜਿਹੀ ਟਿੱਕ ਟਿੱਕ ਨਾਲ ਹੀ ਚਿਤਰਪੱਟ ਤੇ ਆਕੇ ਚੇਤੰਨ ਹੋ ਜਾਂਦਾ ਹੈ ਤੇ ਬੀਤ ਰਹੀ ਵਰਤਮਾਨੀ ਘਟਨਾ ਨਾਲ ਜੁੜ ਜਾਂਦਾ ਹੈ।

ਹੁਣ ਇੱਥੇ ਆਕੇ ਇੱਕ ਸੋਚ ਉਭਰਦੀ ਹੈ ਕਿ ਉਸਦਾ ਇਹ ਵਿਸ਼ਾਲ ਗੁਦਾਮ ਕੀ ਗੋਡ ਗਿਫਟਿਡ ਹੈ? ਜਾਂ ਕੀ ਇਹ ਬਗੀਚਾ ਨੁਮਾ ਗੁਦਾਮ ਉਸਨੇ ਆਪ ਹੀ ਉਸਾਰ ਲਿਆ ਹੈ। ਜੇ ਆਪ ਉਸਾਰਿਆ ਹੈ ਤਾਂ ਉਸਦਾ ਧੰਨਵਾਦ ਕਰਨਾ ਬਣਦਾ ਹੈ। ਉਹ ਆਪਣੇ ਬਗੀਚੇ ਦੇ ਫੁੱਲ ਲੋਕਾਈ ਨੂੰ ਵੰਡਦੀ ਰਹਿੰਦੀ ਹੈ। ਨਿਰਛਲ ਮਣਕਿਆਂ ਵਾਲੀ ਵੰਡਣ ਵੇਲੇ ਹੌਲੀ ਹੌਲੀ ਹੀ ਤੁਰਦੀ ਹੈ ਕੁਝ ਰਹਿ ਨਾ ਜਾਵੇ। ਜੇ ਗੌਡ ਗਿਫਟਿਡ ਹੈ ਤਾਂ ਰੱਬ ਦਾ ਵੀ ਕਦੇ ਕਦੇ ਧੰਨਵਾਦ ਕਰ ਦੇਣਾ ਚਾਹੀਦਾ ਹੈ। ਐਨੇ ਨਾਲ ਰੱਬ ਵੀ ਖੁਸ਼ ਹੋ ਜਾਂਦਾ ਹੈ ਵਰਨਾ ਉਹਦੇ ਕੋਲ ਅੱਜ ਕਲ ਤਨਾਵਾਂ ਵਾਲੀਆਂ ਫਾਇਲਾਂ ਦੇ ਭੰਡਾਰ ਲੱਗੇ ਹੋਏ ਹਨ।ਉਸਦੀਆਂ ਸਾਰੀਆਂ ਬੱਤੀਆਂ ਅੰਬਰੋਂ ਲਾਲ ਹੋਈਆਂ ਪਈਆਂ ਹਨ। ਹਰੀਆਂ ਦਾ ਤੇ ਰੱਬ ਵੀ ਸੁਪਨਾ ਹੀ ਲੈਂਦਾ ਹੈ।  ਰੱਬ ਵਾਂਗ ਮਿੰਨੀ ਕਦੇ ਵੀ ਓਵਰ ਬਿਜ਼ੀ ਨਹੀ ਦਿਸਦੀ।

ਮਿੰਨੀ ਗਰੇਵਾਲ ਰਚਿਤ ਪੁਸਤਕ ‘ਅਨਜਾਣੀਆਂ ਧਰਤੀਆਂ’ ਪਾਠਕ ਲਈ ਇੱਕ ਦਿਲਚਸਪ ਧਰਤੀ ਹੈ। ਪੜ੍ਹਨ ਤੋਂ ਬਾਦ ਇਹ ਧਰਤੀਆਂ ਮੇਰੇ ਲਈ ਅਨਜਾਣ ਨਹੀ ਰਹੀਆਂ। ਜ਼ਾਹਰ ਹੈ ਟਾਇਟਲ ਚੁਣਨ ਵੇਲੇ ਮਿੰਨੀ ਲਈ ਵੀ ਅਨਜਾਣ ਨਹੀ ਸਨ ਪਰ ਉਸਦੇ ਬਗੀਚੇ ਦੇ ਕਿਸੇ ਫੁੱਲ ਨੇ ਕਿਹਾ, ‘ਮਾਲਣੇ ਤੇਰੇ ਪਾਠਕ ਲਈ ਤੇ ਅਜੇ ਇਹ ਅਨਜਾਣ ਹੀ ਹਨ। ਸੋ ਮਿੰਨੀ ਨੇ ਫੁੱਲ ਦੀ ਗੱਲ ਮੰਨ ਲਈ ਤੇ ਨਾਮ ਰੱਖ ਦਿੱਤਾ ਅਨਜਾਣੀਆਂ ਧਰਤੀਆਂ। ਮੈਂ ਮਿੰਨੀ ਦੀਆਂ ਸਾਰੀਆਂ ਕਹਾਣੀਆਂ ਪੜ੍ਹੀਆਂ ਹਨ ਪਰ ਇਹ ਕਿਤਾਬ ਪੜ੍ਹਨ  ਤੋਂ ਬਾਦ ਮੇਰੀ ਜਗਿਆਸਾ ਉਨ੍ਹਾਂ ਨੂੰ ਦੁਬਾਰਾ ਪੜ੍ਹਨ ਲਈ ਜਾਗੀ ਹੈ, ਜ਼ਰੂਰ ਹੀ ਮੇਰੇ ਕੋਲੋਂ ਕੁਝ ਰਹਿ ਗਿਆ ਹੋਵੇਗਾ।

ਮਿੰਨੀ ਦੀ ਇਹ ਸੈਰ ਪੈਰਿਸ ਤੋਂ ਹੁੰਦੀ ਹੋਈ ਸੇਂਟ-ਪੀਟਰਜ਼ਬਰਗ,ਮਾਸਕੋ, ਸਾਇਬੇਰੀਆ ਇਰਕੁਤਸਕ ਤੇ ਬੇਜ਼ਿੰਗ ਤੋਂ ਹੁੰਦੀ ਹੋਈ ਵਾਪਸ ਟਰਾਂਟੋ ਪਹੁੰਚਦੀ ਹੈ। ਇਤਿਹਾਸਕ ਥਾਵਾਂ ਦਾ ਜ਼ਿਕਰ ਹੈ,ਉਨ੍ਹਾਂ ਦਾ ਖੁਲਾਸਾ ਤਾਂ ਪਾਠਕ ਲਈ ਛਡਿਆਂ ਜਾਂਦਾ ਹੈ ਪਰ ਇਸ ਸੈਰ ਵਿਚ ਮਿੰਨੀ ਗਰੇਵਾਲ ਦੀ ਸੋਚ, ਉਸ ਪਿੱਛੇ ਉਸਰੀ ਹੋਈ ਮਾਨਸਿਕਤਾ ਤੇ ਉਸਦੇ ਸਪਸ਼ਟ ਕਾਰਣਾਂ ਦੀ ਬਣਤਰ ਬਾਰੇ ਗੱਲ ਕਰਨੀ ਬਣਦੀ ਹੈ।

ਮਿੰਨੀ ਦੇ ਦਿਲ ਵਿਚ ਵਸੀ ਹੋਈ ਇੱਕ ਧਰਤੀ ਹੈ ਜੋ ਗ੍ਰਿਹਾਂ ਵਾਂਗ ਹਰ ਧਰਤੀ ਦੇ ਆਲੇ ਦੁਆਲੇ ਇੱਕ ਸਿਸਟਮ ਵਿਚ ਘੁੰਮਣ ਲੱਗ ਪੈਂਦੀ ਹੈ ਤਾਂ ਹੀ ਉਹ ਮੰਗੋਲੀਅਨ ਭਰਾਵਾਂ ਵਿਚੋਂ ਪੰਜਾਬੀ ਭਰਾ ਪਛਾਨਣ ਲਈ ਯਤਨਸ਼ੀਲ ਹੋ ਜਾਂਦੀ ਹੈ। ਉਸਦੇ ਦਿਲ ਵਿਚ ਰੋਸ ਵੀ ਜਾਗਦਾ ਹੈ  ਕਿ ਚੰਗੇਜ਼ ਖਾਂ ਨੇ ਜੋ ਕੀਤਾ ਉਹ ਇੱਕ ਰਾਜੇ ਦਾ ਕਸਬ ਸੀ ਜੋ ਸਵਿਕਾਰ ਨਹੀ ਕੀਤਾ ਜਾ ਸਕਦਾ  ਪਰ ਮੰਗੋਲੀਅਨ ਭਰਾ ਚੰਗੇਜ਼ ਖਾਂ ਤੋਂ ਵਿੱਥ ਤੇ ਖੜੇ ਦਿਖਾਈ ਦਿੰਦੇ ਹਨ। ਉਸਨੂੰ ਮੀਡੀਆ ਦਾ ਸ਼ੋਰ-ਸ਼ਰਾਬਾ ਸੁਣਾਈ ਦੇਣ ਲੱਗ ਪੈਂਦਾ ਹੈ ਜਦੋਂ ਅਚਾਨਕ ਮਿੰਨੀ-ਗਰੁਪ ਦੀ ਮੁਲਾਕਾਤ ਬੋਰਿਸ ਯੈਲਤਸਨ ਨਾਲ ਹੁੰਦੀ ਹੈ। ਉਹ ਵਧੀਆ ਇਨਸਾਨ ਲਗਦਾ ਹੈ ਜੋ ਟਰਾਂਟੋ ਦੇ ਨਾਲ ਨਾਲ ਜਾਨ ਕ੍ਰੈਚਿਆਂ ਨੂੰ ਵੀ ਯਾਦ ਕਰਦਾ ਹੈ।ਮਿੰਨੀ ਦੇ ਦਿਲ ਵਿਚ ਅਵਚੇਤਨ ਨਾਲੋਂ ਨਿਖੜਕੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਰਾਬੀ ਕਬਾਬੀ ਬੋਰਿਸ ਤੇ ਮੀਡੀਆ ਦੀਆਂ ਰਿਪੋਰਟਾਂ ਤੱਕ ਹੀ ਮਹਿਦੂਦ ਹੈ, ਤੇ ਮੀਡੀਆ ਦਾ ਉਸਾਰਿਆ ਬੁੱਤ ਟੁਟਦਾ ਭਜਦਾ ਦਿਖਾਈ ਦਿੰਦਾ ਹੈ। ਕਿਤਨੀਆਂ ਕਹਾਣੀਆਂ ਘੜ ਲੈਂਦਾ ਹੈ ਮੀਡੀਆ ਆਪਣੇ ਲੋਕਾਂ ਨੂੰ ਰੋਟੀ ਦੀ ਬਜਾਇ ਸਵਾਦ ਪਰੋਸਣ ਲਈ। ਲੋਕਾਂ ਨੂੰ ਗਲਤ ਸੁਆਦ ਦੇਕੇ ਹੀ ਤੇ ਉਸਦੀ ਤਾਕਤ ਵਧਦੀ ਹੈ। ਇਹ ਮਿੰਨੀ ਦੇ ਅਣਕਹੇ ਬੋਲ ਹਨ।

ਵਿਅਕਤੀਗਤ ਆਦਤ,ਸੋਚ,ਪਹਿਰਾਵਾ ਤੇ ਪਹਿਰਾਵੇ ਦੇ ਉਹ ਰੰਗ ਜੋ ਸਮਾਜਿਕ ਪੰਗਤੀ ਵਿਚ ਬੈਠਣ ਲਈ ਜ਼ਰੂਰੀ ਹੁੰਦੇ ਹਨ,ਉਨ੍ਹਾਂ ਦਾ ਜ਼ਿਕਰ, ਇੰਮੀਗਰੇਸ਼ਨ,ਕਾਮਿਆਂ ਦਾ ਸੁਭਾਅ, ਵਿੰਡੋ ਸ਼ਾਪਿੰਗ, ਜਾਨਣ ਦੀ ਲਾਲਸਾ, ਦੇਸ਼ਾਂ ਦੀ ਸਰਹੱਦ ਬਾਜ਼ੀ, ਸਮਾਜਿਕ ਤਬਦੀਲੀ, ਹੁਨਰੀ ਆਰਟ, ਮੌਸਮ ਦੇ ਰੰਗ ਤੇ ਉਨ੍ਹਾਂ ਰੰਗਾਂ ਬਾਰੇ ਵਿਅਕਤੀਗਤ ਪਹੁੰਚ, ਵਿਆਹ-ਸੰਸਥਾ ਦੀ ਟੁਟ ਭੱਜ ਦੇ ਬਾਵਜੂਦ ਦਿਲ ਵਿਚ ਵਸੇ ਅਰਮਾਨ,ਇਨ੍ਹਾ ਸਭ ਗਲਾਂ ਬਾਰੇ ਮਿੰਨੀ ਗਰੇਵਾਲ ਦੇ ਫੁੱਲ ਖੁਸ਼ਬੋ ਦਿੰਦੇ ਹਨ। ਮਣਕਿਆਂ ਵਾਲੀ ਮਾਲਾ ਲਿਖਦੀ ਹੈ ਦੁਨੀਆ ਵੇਖਣ ਦੀ ਇੱਕ ਨਿੱਕੀ ਜਿਹੀ ਲਾਟ ਮੇਰੇ ਦਿਲ ਅੰਦਰ ਸ਼ਾਇਦ ਬਚਪਨ ਤੋਂ ਹੀ ਮੱਘ ਰਹੀ ਸੀ। ਜਵਾਨੀ ਦੇ ਵਰ੍ਹਿਆਂ ਵਿਚ ਇਹ ਲਾਟ, ਮੇਰੇ ਸੁਪਨਿਆਂ ਵਿਚ ਆਕੇ ਮੈਨੂੰ ਵਖਰੇ ਦੇਸ਼ਾਂ ਦੇ ਰਾਹ ਦਿਖਾਇਆ ਕਰਦੀ ਸੀ ਅਤੇ ਇੱਕ ਦਿਨ ਇਸ ਲਾਟ ਨੇ ਰੂਸ ਜਾਣ ਦਾ ਰਸਤਾ ਮੇਰੇ ਲਈ ਰੁਸ਼ਨਾ ਦਿੱਤਾ। ਉਹਨੀਂ ਦਿਨੀਂ ਮੁੰਬਈ ਵਿਚ ਛਪਦੇ ਅੰਗਰੇਜ਼ੀ ਦੇ ਮੈਗਜ਼ੀਨ ‘ਸੋਵੀਅਤ ਲੈਂਡ’ ਦੀ ਮੈਂ ਸਿਨੀਅਰ ਟੈਕਨੀਕਲ ਐਡੀਟਰ ਹੁੰਦੀ ਸੀ। ਇਹ ਹੀ ਉਹ ਪੜੁਲ ਸਾਬਤ ਹੋਇਆ ਜਿਸਤੋਂ ਮਿੰਨੀ ਗਰੇਵਾਲ ਨੇ ਆਪਣੇ ਬਚਪਨ ਤੋਂ ਸੁਪਨਈ ਅੱਗ ਦੀ ਚੰਗਿਆੜੀ ਪ੍ਰਾਪਤ ਕੀਤੀ ਤੇ ਧਰਤੀਆਂ ਦਿਲ ਵਿਚ ਸਮਾਉਂਣੀਆ ਸ਼ੁਰੂ ਕਰ ਦਿੱਤੀਆਂ। ਅੱਗੇ ਉਸਦੇ ਫੁੱਲ ਲਿਖਦੇ ਹਨ ਸਮਾਂ ਲੰਘਦਾ ਗਿਆ ਵਰ੍ਹੇ ਬੀਤਦੇ ਗਏ। ਦੁਨੀਆਂ ਵੇਖਣ ਦੀ ਲਾਟ ਬਲਦੀ ਰਹੀ ਅਤੇ ਮੇਰਾ ਵਾਇਦਾ ਜਾਗਦਾ ਰਿਹਾ। ਇਸਨੂੰ ਮੈ 1996 ਵਿਚ ਅਪ੍ਰੈਲ ਦੇ ਮਹੀਨੇ ਪੂਰਾ ਕਰ ਸਕੀ।ਸਭ ਤੋਂ ਵਡੀ ਖੁਸ਼ੀ ਮੇਰੇ ਲਈ ਇਹ ਵੀ ਸੀ ਕਿ ‘ਲੈਨਿਨ ਮਸੋਲਿਯਮ’ ਅਤੇ ਮਾਸਕੋ ਦੀਆਂ ਹੋਰ ਥਾਵਾਂ ਦੇ ਨਾਲ ਨਾਲ ਸੇਂਟ ਪੀਟਰਜ਼ਬਰਗ (ਲੈਨਿਨਗਾਰਡ) ਸ਼ਹਿਰ ਦੀ ਜਿਸਮਾਨੀ ਅਤੇ ਰੂਹਾਨੀ ਖੂਬਸੂਰਤੀ ਨੂੰ ਆਪਣੇ ਅੰਦਰ ਹੀ ਨਹੀ ਸੀ ਸਮਾਂਉਣਾ ਬਲਕਿ ਮੈਂ ਤਾਂ ਮਾਸਕੋ ਤੋਂ ਸਾਇਬੇਰੀਆ ਤੱਕ ਟਰੇਨ ਤੇ ਜਾਣਾ ਸੀ। ਇਹ ਸੀ ਪੰਜ ਦਿਨ ਦੀ ਲੰਬੀ ‘ਟ੍ਰਾਂਸ-ਸਾਇਬੇਰੀਆ’ ਦੀ ਟਰੇਨ ਜਰਨੀ। ਆਉ ਹੁਣ ਗੱਲ ਕਰਦੇ ਹਾਂ ਮਿੰਨੀ ਗਰੇਵਾਲ ਦੀ ਰੁਹਾਨੀ ਯਾਤਰਾ ਦੀ। ਜਿਸਮਾਨੀ ਯਾਤਰਾ ਤੁਸੀਂ ਕਿਤਾਬ ਵਿਚ ਵੀ ਪੜ੍ਹ ਸਕਦੇ ਹੋ।

ਮਿੰਨੀ ਨੂੰ ਸੜਕ ਕੰਢੇ ਰੈਸਤੋਰਾਂ ਵਿਚ ਕਾਫੀ ਪੀਦਿਆਂ,ਲੋਕਾਂ ਨੂੰ ਵੇਖਦਿਆਂ,ਉਨ੍ਹਾਂ ਦੀ ਜ਼ਿੰਦਗੀ ਬਾਰੇ ਸੋਚਦਿਆਂ ਸਮਾਂ ਲੰਘਾਉਂਣਾ ਚੰਗਾ ਲਗਦਾ ਹੈ। ਹਜ਼ਾਰ ਡਾਲਰ ਘਟ ਤੇ ਹਮਸਫ਼ਰ ਦਾ ਸਾਥ ਵੀ,ਇਹ ਕਾਰੋਬਾਰੀ ਸੌਦਾ ਮਿੰਨੀ ਨੂੰ ਪਸੰਦ ਸੀ ਤੇ ਉਸਨੇ ਗੋਰੀ ਐਲਸਾ ਨੂੰ ਚੁਣ ਲਿਆ। ਦਿਲ ਦੀਆਂ ਰਾਹਾਂ ਨੇ ਇੱਕ ਦੂਜੇ ਨੂੰ ਪਹਿਲੀ ਨਜ਼ਰੇ ਹੀ ਪਹਿਚਾਣ ਲਿਆ। ਇਹ ਪਛਾਣ ਚੇਹਰਿਆਂ ਤੇ ਉੱਕਰੀ ਹੋਈ ਬੈਨਰ ਦਾ ਕੰਮ ਕਰ ਰਹੀ ਸੀ। ਹਮੇਸ਼ਾਂ ਤੋਂ ਇੱਕ ਦੂਜੇ ਨੂੰ ਜਾਣਦੀਆਂ ਸਨ। ਇਹ ਦੱਸਕੇ ਮਿੰਨੀ ਆਪਣੀ ਬਗੀਚੀ ਵਾਲਾ ਦਰਵਾਜ਼ਾ ਖੋਲਦੀ ਪ੍ਰਤੀਤ ਹੁੰਦੀ ਹੈ। ਇਵੇਂ ਲਗਦਾ ਹੈ ਜਿਵੇਂ ਧਰਤੀ ਨੂੰ ਬਚਾਉਂਣ ਲਈ ਕਿਸੇ ਟੀਮ ਦੀਆਂ ਮੈਂਬਰ ਹੋਣ। ਨਹੀ ਪੁੱਛਿਆ ਮਣਕਿਆਂ ਵਾਲੀ ਨੇ ਕਿ ਐਲਸਾ ਕੀ ਬਿਜ਼ਨਿਸ ਕਰਦੀ ਹੈ ਕਿਉਂਕਿ ਉਹ ਜਾਣਦੀ ਸੀ ਕਿ ਉਹ ਵੀ ਉਨ੍ਹਾਂ ਹੀ ਸੌਦਿਆਂ ਦੀ ਵਪਾਰਨ ਹੈ। ਫੁਲਾਂ ਨੇ ਹੀ ਦੱਸ ਦਿੱਤਾ ਕਿ ਇਹ ਪਰਾਗ ਸਾਡੇ ਕੰਮ ਦਾ ਹੈ। ਮਿੰਨੀ ਦੇ ਹਾਇਪੋਥੀਸਿਸ ਨੇ ਐਲਸਾ ਦੀ ਤੁਲਨਾ ‘ਬੌਰਨ ਫਰੀ’ ਫਿਲਮ ਵਿਚ ਐਲਸਾ ਸ਼ੇਰਨੀ ਨਾਲ ਕਰਕੇ ਐਲਸਾ ਦੀ ਜਾਣ ਪਛਾਣ ਆਪਣੇ ਫੁੱਲਾਂ ਨਾਲ ਕਰਵਾਈ। ਮੋਟੀਆਂ ਅੱਖਾਂ ਤੇ ਮਟਕ ਦੀ ਤੋਰ ਵਾਲੀ ਐਲਸਾ ਕੀਤੀ ਲਾਪਰਵਾਹੀ ਬਾਰੇ ਝੱਟ  ਅਫਸੋਸ ਕਰਦੀ ਵੀ ਦਿਖਾਈ ਦਿੰਦੀ ਹੈ ਜਿਵੇਂ ਉਸ ਅੰਦਰ ਬੈਠਾ ਰੈਫ਼ਰੀ ਕਹਿ ਰਿਹਾ ਹੋਵੇ ‘ਐਲਸਾ ਇਹ ਜ਼ਰੂਰੀ ਹੈ’। ਉਸਨੇ ਸ਼ਾਇਦ ਆਪਣੇ ਰੂਮ-ਮੇਟ ਦੀਆਂ ਅੱਖਾਂ ਵਿਚ ਬਹੁਤ ਹੀ ਮਹੀਨ ਰੋਸੇ ਦਾ ਝਲਕਾਰਾ ਵੇਖ ਲਿਆ ਹੋਵੇ।ਸਵੇਰ ਦੀ ਤਾਜ਼ਗੀ ਵਰਗੇ ‘ਗਲਤ ਕੀਮਤਾਂ ਦੇ ਸ਼ਿਕਾਰੀ’ ਆਪਣੇ ਭੱਥੇ ਵਿਚ ਐਸੇ ਮਹਿਕਦੇ ਬੋਲ ਤੇ ਰਖਦੇ ਹੀ ਹਨ। ਐਲਸਾ ਦੇ ਬੋਲ, ‘ਮੈਂ ਤੇਰੇ ਕੋਲੋਂ ਮੁਆਫੀ ਮੰਗਣਾ ਚਾਹੁੰਦੀ ਹਾਂ।ਮਿੰਨੀ ਨੂੰ ਹੈਰਾਨੀ ਹੋਈ ਤੇ ਉਸਦੇ ਮੂੰਹੋਂ ਨਿਕਲਿਆ, “ਮੁਆਫੀ? ਕਿਉਂ,ਕਾਹਦੀ?” “ਅੱਜ ਸਵੇਰੇ ਮੈਂ ਬਾਥਰੂਮ ਤੇਰੇ ਲਈ ਗਿੱਲਾ ਛੱਡ ਦਿੱਤਾ ਸੀ ਕਾਹਲੀ ਵਿਚ।”

ਬਾਕੀ ਛੇ ਗਰੁਪ ਮੈਂਬਰਾਂ ਦੇ ਨਾਮ ਕਿਤਾਬ ਵਿਚ ਦਰਜ਼ ਹਨ ਪਰ ਮਿੰਨੀ ਨੇ ਮਾਰਲੀ ਦੇ ਤਲਾਕੀ ਸੁਭਾਅ ਦੀ ਗਾਥਾ ਜਿਸ ਢੰਗ ਨਾਲ ਕੀਤੀ ਹੈ ਉਹ ਜ਼ਰੂਰ ਸਾਂਝੀ ਕਰਨ ਵਾਲੀ ਹੈ। ਮਾਰਲੀ ਗੱਲਾਂ ਕਰ ਰਹੀ ਸੀ ਤੇ ਕਹਾਣੀਕਾਰ ਮਿੰਨੀ ਗਰੇਵਾਲ ਮਾਰਲੀ ਦੀਆਂ ਗੱਲਾਂ ਦੇ ਨਾਲ ਨਾਲ ਉਸਦਾ ਅੰਦਰ ਵੀ ਫਰੋਲ ਰਹੀ ਕਹਿੰਦੀ ਹੈ,”ਮਾਰਲੀ ਤੂੰ ਅਜੇ ਵੀ ਉਸਨੂੰ ਬਹੁਤ ਪਿਆਰ ਕਰਦੀ ਹੈਂ, ਪੋਜ਼ੈਸਿਵ ਹੈਂ,ਉਹਦੇ ਪਿਆਰ ਲਈ,ਤਾਂ ਹੀ ਉਹਦੇ ਨਾਲ ਬਿਤਾਏ ਪਲਾਂ ਦਾ ਖਹਿੜਾ ਨਹੀ ਛਡਦੀ।

ਏਅਰ ਫਰਾਂਸ ਦੀ ਫਲਾਈਟ ਨੇ ਪੈਰਿਸ ਜਾਕੇ ਪਾਣੀ ਧਾਣੀ ਪੀਤਾ। ਗਾਈਡ ਜਾਰਜ ਤੇ ਬਾਕੀ ਸਾਥੀ ਮਸਰੂਫ ਹਨ। ਉਹ ਵੀ ਕੋਈ ਕਵਿਤਾ ਸਿਰਜ ਰਹੇ ਹੋਣਗੇ ਪਰ ਮਿੰਨੀ ਗਰੇਵਾਲ ਨਾਸਿਰ ਦੇ ਜਿਕਰ ਵਿਚ ਸਰਹੱਦੀ ਬਖੇੜਿਆਂ ਦੀ ਗੱਲ ਕਰਦੀ ਹੈ। ਜਿਸਨੇ ਧਰਤੀ ਨੂੰ ਵੰਡ ਕੇ ਇਸਦੇ ਵਾਸੀਆਂ ਨੂੰ ਸਿਸਟਮੀ ਕੈਦ ਵਿਚ ਬੰਦ ਕਰ ਰਖਿਆ ਹੈ। ਪੈਰਿਸ ਦੀ ਅਖਬਾਰ ਲਾ-ਮੌਂਡ ਦਾ ਰਿਪੋਟਰ ਪੀਟਰ ਦਸਦਾ ਹੈ ਕਿ ਨਾਸਿਰ ਪਿੱਛਲੇ ਅੱਠ ਸਾਲ ਤੋਂ ਏਅਰਪੋਰਟ ਤੇ ਹੀ ਰਹਿ ਰਿਹਾ ਹੈ। ਰਫਿ਼ਉਜੀ ਬਣਕੇ ਆਇਆ ਸੀ। ਠੇਕੇਦਾਰਾਂ ਨੇ ਕਿਤੇ ਜਾਣ ਨਹੀ ਦਿੱਤਾ।ਕੋਈ ਫੈਸਲਾ ਨਹੀ,ਕੋਈ ਗੁੰਜਾਇਸ਼ ਵੀ ਨਹੀ। ਆਪਣੇ ਦੇਸ਼ ਇਰਾਨ ਵੀ ਨਹੀ ਜਾ ਸਕਦਾ।

ਗਰੁਪ ਵਾਲਿਆਂ ਨਾਲ ਸਾਂਝ ਪੈਣ ਬਾਰੇ ਮਿੰਨੀ ਕਹਿੰਦੀ ਹੈ ਕਿ ਵਿਚਾਰ ਵਟਾਂਦਰੇ ਨਾਲ ਨੇੜਤਾ ਵਧ ਗਈ ਸੀ। ਸਭਨਾਂ ਦੇ ਚੰਗੇ ਮਿਜ਼ਾਜ਼,ਗੱਪਾਂ ਤੇ ਮਾਖੌਲ, ਇੱਕ ਦੂਜੇ ਦੇ ਕੰਮ ਆਉਣ ਵਾਲੇ ਇਨਸਾਨ,ਸੋਹਣੀ ਬਣਤਰ,ਸਫ਼ਰ ਸੋਹਣਾ ਰਹੇਗਾ। ਮਿਲਦੇ ਮਿਲਾਦਿਆਂ ਮੈਨੂੰ ਵਖਰੇ ਰੰਗ ਦਾ ਅਹਿਸਾਸ ਹੀ ਨਹੀ ਹੋਇਆ ਸੀ। ਮੈਂ ਇੱਕਲੀ ਹੀ ਸਾਉਥ ਏਸ਼ਅਨ ਸੀ। ਔਰਤਾਂ ਦਾ ਹੁਸਨ ਕੁਦਰਤੀ ਸੀ, ਕਿਸੇ ਨੇ ਮੇਕਅੱਪ ਨਹੀ ਕੀਤਾ ਸੀ ਨਾ ਗਹਿਣਾ ਗੱਟਾ ਸਿਵਾਏ ਵੈਡਿੰਗ ਬੈਂਡ ਦੇ, ਸਾਦੀ ਜਿਹੀ ਗਲੇ ਵਿਚ ਚੇਨ ਅਤੇ ਛੋਟੇ ਮੋਟੇ ਕੰਨਾਂ ਦੇ ਟੌਪਸ। ਮੈਂ  ਰੁਕਦਾ ਹਾਂ। ਸੋਚਣ ਲੱਗ ਜਾਂਦਾ ਹਾਂ। ਮਿੰਨੀ ਨੇ ਕਿਹੜੇ ਝਟ ਪੱਟ ਮਾਪ-ਦੰਡ ਵਰਤੇ ਮਿੰਟੋਂ ਸਕਿੰਟੀਂ ਜੋ ਬਾਦ ਵਿਚ ਸਹੀ ਸਾਬਤ ਵੀ ਹੋਏ। ਕੀ ਉਨ੍ਹਾਂ ਮਾਪ-ਦੰਡਾਂ ਦਾ ਸਬੰਧ ਲੇਖਕਾ ਦੇ ਸਹੀ ਸੋਚ ਦੇ ਬਾਵਿਆਂ ਨਾਲ ਹੈ?ਉਸਦੇ ਇਹ ਬਾਵੇ ਕਿਸਤਰ੍ਹਾਂ ਹਾਂ –ਪੱਖੀ ਸੋਚ ਵਿਚ ਢਲੇ ਹੋਣਗੇ? ਕੀ ਮਿੰਨੀ ਚੁਰਾਹੇ ਵਿਚ ਖੜ੍ਹਕੇ ਇਹ ਜਾਨਣ ਦੀ ਸ਼ਕਤੀ ਰਖਦੀ ਹੈ ਕਿ ਉਸਨੇ ਕਿਹੜੀ ਗਲੀ ਫੜਨੀ ਹੈ ਤਾਂ ਕਿ ਅਗਲਾ ਮੰਨ-ਅਸੰਦ ਚੌੰਕ ਛੇਤੀ ਤਹਿ ਕੀਤਾ ਜਾ ਸਕੇ?

ਖੈਰ ਛਡੋ ਜੀ, ਅੱਗੇ ਪੜ੍ਹਦੇ ਹਾਂ। ਐਵੇਂ ਨਿੱਕੀ ਨਿੱਕੀ ਗੱਲ ਕੋਟ ਕਰਨ ਲਗਿਆਂ ਤੇ ਕਿਤਾਬ ਮੁਕਣ ਨੇ ਦੋ ਮਹੀਨੇ ਲਾ ਦੇਣੇ ਹਨ। ਮੈਂ ਸੋਚ ਰਿਹਾ ਸੀ ਕਿ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਹੋਕੇ ਕਿਤਾਬ ਨੂੰ ਦੁਬਾਰਾ ਪੜ੍ਹਾਂਗਾ। ਮੈ ਤੁਰੇ ਜਾਂਦੇ ਗਰੁਪ ਦੀ ਛਾਂ ਦੇ ਮਗਰ ਮਗਰ ਤੁਰ ਪਿਆ।

ਛਾਂ ਸੇਂਟ-ਪੀਟਰਜ਼ਬਰਗ ਪਹੁੰਚ ਗਈ ਹੈ। ਹਰਮੀਤਾਜ਼ ਆਰਟ ਕੁਲੈਕਸ਼ਨ ਦੀ ਧਰਤੀ। ਰੂਸ ਤੇ ਯੋਰਪ ਦੇ ਚੰਗੇ ਸਬੰਧਾਂ ਕਰਕੇ ਆਰਟਿਸਟ, ਆਰਕੀਟੈਕਟ,ਕਲਾਸਿਕ ਪੇਸ਼ੇ ਆਉਂਦੇ ਜਾਂਦੇ ਰਹੇ। ਇਹ ਵੀ ਸਮਝਿਆ ਜਾ ਸਕਦਾ ਹੈ ਕਿ ਮਾਨਵੀ ਕਦਰਾਂ ਹੀ ਇਸ ਮੇਲ-ਜੋਲ ਦਾ ਅਧਾਰ ਸਨ ਜੋ ਮਿੰਨੀ ਤਸਵਰ ਕਰਕੇ ਵੀ ਪੇਸ਼ ਕਰਦੀ ਮਹਿਸੂਸ ਹੁੰਦੀ ਹੈ। ਕਦੇ ਕਦੇ ਇਹ ਮਾਨਵ ਰਾਜਨੀਤਕ ਚੱਕੀ ਵਿਚ ਪਿਸ ਵੀ ਹੋਇਆ। ਇਨ੍ਹਾਂ ਦੀਆਂ ਇਕਵੇਸ਼ਨਾਂ ਬਣਾਉਂਦਿਆਂ ਮਿੰਨੀ ਨੇ ਸੋਹਣਾ ਅਲਜਬਰਾ ਉਸਾਰਿਆ ਹੈ। ਬੈਲੇ ਡਾਂਸ ਵੇਲੇ ਔਰਤਾਂ ਤੇ ਮਰਦਾਂ ਦੀਆਂ ਪਹਿਨਣ ਚੋਣਾਂ ਲੋਕਲ ਅਚਾਰ ਵਿਹਾਰ ਨਾਲ ਕੈਨੇਡੀਅਨ ਕਲਚਰ ਦੀ ਤੁਲਨਾ ਕਰਨਾ ਦੋ ਸਭਿਆਤਾਵਾਂ ਦਾ ਸੰਗਮ ਬਣਕੇ ਉਭਰਦਾ ਹੈ ਭਾਵੇਂ ਪਾਣੀਆਂ ਦੇ ਰੰਗ ਵਖੋ ਵਖਰੇ ਹਨ।

ਸਾਡਾ ਟੇਬਲ ਸੋਹਣਾ ਲਗ ਰਿਹਾ ਸੀ। ਚਿੱਟਾ ਟੇਬਲ-ਕਲਾਥ ਐਨ ਵਿਚਕਾਰ ਫੁਲਾਂ ਦਾ ਗੁਲਦਸਤਾ ਅਤੇ ਉਸਦੇ ਨਾਲ ਚਿੱਟੇ ਝੰਡੇ ਉੱਤੇ ਅੰਗਰੇਜ਼ੀ ਵਿਚ ਲਿਖਿਆ ‘ਵੈਲਕਮ ਕਨੈਡੀਅਨ ਫਰੈਂਡਜ਼’ ਦਾ ਜ਼ਿਕਰ ਕਰਕੇ ਮਿੰਨੀ ਉਨ੍ਹਾਂ ਦੇ ਵੈਲਕਮ ਨੂੰ ਪ੍ਰਵਾਨ ਕਰਦੀ ਪਰਤੀਤ ਹੁੰਦੀ ਹੈ। ਲਹਿਰਾਂ ਦੀ ਖੇਡ ਵਾਲਾ ਕੀਰੋਵ ਬੈਲੇ ਡਾਂਸ ਉਸਦੀ ਯਾਦ ਦਾ ਹਿੱਸਾ ਬਣ ਜਾਂਦੀ ਹੈ। ਮਿੰਨੀ ਦੀ ਧਰਤੀ ਤੇ ਡਿਗਾ ਪਰਾਗ ਡੋਡੀ ਦਾ ਰੂਪ ਧਾਰ ਲੈਂਦਾ ਹੈ। ਸਪਸ਼ਟ ਹੈ ਕਿ ਕਿਸੇ ਹੋਰ ਵਰਤਾਰੇ ਵੇਲੇ ਇਹ ਡੋਡੀ, ਫੁੱਲ ਬਣ ਚੁੱਕੀ ਹੋਵੇਗੀ।

ਯੁਨਾਈਟਿਡ ਰਸ਼ੀਆ ਤੇ ਬਿਖਰੇ ਦੇਸ਼ਾਂ ਵਿਚਲੇ ਰੂਸ ਬਾਰੇ ਗੱਲ ਕਰਦਿਆਂ ਲੇਖਿਕਾ ਲੋਕਾਂ ਦੇ ਵਿਹਾਰ ਦੀ ਤਬਦੀਲੀ ਤੇ ਉਸ ਤਬਦੀਲੀ ਨਾਲ ਹੋਈ ਮੋਰਾਲਿਟੀ ਦੀ ਗਿਰਾਵਟ ਦੀ ਗੱਲ ਵੀ ਕਰਦੀ ਹੈ। ਲੋਕਾਂ ਦੀ ਸੋਚ, ਆਰਥਿਕਤਾ ਨਾਲ ਜੁੜ ਗਈ ਹੈ।  ਉਨ੍ਹਾ ਦੇ ਸੁਭਾਅ ਤਬਦੀਲੇ ਗਏ ਹਨ।ਇਹ ਗੱਲ ਟੈਕਸੀ ਵਾਂਗ ਵਰਤਦੇ ਕਾਰ ਡਰਾਈਵਰਾਂ ਦੇ ਵਤੀਰੇ ਰਾਹੀਂ ਸਾਡੇ ਸਾਹਮਣੇ ਆਉਂਦੀ ਹੈ।

ਹਰਮੀਤਾਜ਼ ਮਿਉਜ਼ੀਅਮ ਨੂੰ ਮਾਨਣ ਲਈ ਗਰੁਪ ਦਾ ਸਾਥ ਛਡਕੇ ਪੇਟਿੰਗਜ਼ ਵਿਚ ਗੁਆਚਣ ਬਾਰੇ ਪੇਟਿੰਗਜ਼-ਪਰੇਮਣ ਕਹਿੰਦੀ ਹੈ ਮੈਂ ਆਪਣੇ ਮੰਨ ਚਾਹੇ ਕਲਾਕਾਰਾਂ ਦੀਆਂ ਪੇਟਿਗਜ਼ ਦੇਖਣ ਵਿਚ ਸਮਾਂ ਬਿਤਾਇਆ। ਵਿਨਸ਼ੈਂਟ ਵੈਂਨ ਗੌ, ਪਾਲ ਗੁਗੈਂ, ਰੈਮਬਰਾਂ, ਸੀਜ਼ਾਨ,ਮੋਨੇ, ਪਿਕਾਸੋ,ਮਾਤੀਸ਼ ਦੀਆਂ ਪੇਟਿੰਗਜ਼ ਅਤੇ ਔਗਸਤੇ ਰੌਡੇਂ ਦੇ ਸਕਲਪਚਰ ਦੇਖੇ। ਬੜੀ ਨੀਝ ਨਾਲ ਵੇਖਦੀ, ਅੱਖਾਂ ਬੰਦ ਕਰਕੇ ਉਨ੍ਹਾਂ ਨੂੰ ਆਪਣੇ ਦਿਮਾਗ ਅਤੇ ਦਿਲ ਵਿਚ ਉਤਾਰਦੀ ਅਤੇ ਬਹੁਤ ਖੁਸ਼ ਹੋ ਆਪਣੇ ਆਪ ਨੂੰ ਕਹਿੰਦੀ, ‘ਇਨ੍ਹਾ ਪੇਟਿੰਗਜ਼ ਨੂੰ ਮੈਂ ਅਸਲੀ ਰੂਪ ਵਿਚ ਵੇਖ ਰਹੀ ਹਾਂ। ਕਲਾਕਾਰਾਂ ਦੇ ਹੱਥਾਂ ਨਾਲ ਬਣੀਆਂ ਹਨ ਇਹ।” ਇਹ ਸ਼ੁਭ ਪਰਭਾਤ ਵਰਗਾ ਕਬਜ਼ਾ ਮਿੰਨੀ ਦਾ ਸੰਕਲਪ ਬਣਕੇ ਉਭਰਦਾ ਹੈ। ਉਨ੍ਹਾਂ ਕਲਾਕਾਰਾਂ ਦੀ ਤਪਸਿਆ ਜਾਣਦੇ ਹੋਏ ਉਨ੍ਹਾਂ ਦੀ ਗਰੀਬੀ ਨਾਲ ਕਲਾ ਦੀ ਪਗਡੰਡੀ ਉੱਤੇ ਤੁਰਨ ਦਾ ਉਤਸ਼ਾਹ ਲੇਖਕਾ ਦੀਆਂ ਰਗਾਂ ਵਿਚ ਸਮਾ ਜਾਂਦਾ ਹੈ। ਵਿਅਕਤੀਗਤ ਸੋਚ ਤੋਂ ਪਰ੍ਹਾਂ ਜਾਕੇ ਆਪਣੇ ਵਿਅਕਤੀਤਵ ਦੇ ਸਮੀਕਰਣ ਹੀ ਬਦਲ ਲੈਣੇ ਇਸਦੀ ਕਿਰਨ ਸਾਫ਼ ਦਿਖਾਈ ਦਿੰਦੀ ਹੈ।

ਕ੍ਰੈਮਲਿਨ ਅਤੇ ਰੈੱਡ ਸਕੂਏਅਰ ਵਰਗੀਆਂ ਸਦੀਆਂ ਪੁਰਾਣੀਆਂ ਥਾਵਾਂ ਨੂੰ ਆਪਣੀ ਗੋਦੀ ਵਿਚ ਸਾਂਭੀ ਬੈਠਾ ਮਾਸਕੋ। ‘ਇਸਦੀ ਧਰਤੀ ਵਿਚ ਬੀਤ ਚੁੱਕੇ ਸਮੇਂ ਦੀ ਆਤਮਾ ਅਤੇ ਅੱਜ ਦੀ ਜ਼ਿੰਦਗੀ ਨੂੰ ਸਮਾਨੰਤਰ ਦੇਖ ਰਹੀ ਹੈ ਲੇਖਿਕਾ। ਇੱਕ ਪਾਸੇ ਇਤਿਹਾਸ ਨਾਲ ਭਿੱਜੀ ਧਰਤੀ ਦਾ ਇਹ ਟੁਕੜਾ ਤੇ ਇੱਕ ਪਾਸੇ ਖੜੀ ਮੈਂ ਉਸਦੀ  ਉਪਾਸ਼ਕ।” ਆਪਣੇ ਸਥਾਈ ਧਰਾਤਲ ਤੇ ਖੜੀ ਲੇਖਿਕਾ ਪੈਟਰਿਸ ਲਮੁੰਮਬਾ ਯੁਨੀਵਰਸਿਟੀ ਦਾ ਪਤਾ ਕਰਨ ਲਈ ਉਤਾਵਲੀ ਹੈ,ਪਰ ਵਕਤ ਅਨੁਸਾਰ ਇਹ ਹੋ ਨਹੀ ਸਕਣਾ। ‘ਗੁਮ ਤੇ ਈਟਨ ਸੈਂਟਰ ਦੇ ਮਾਲਾਂ ਦਾ ਤੁਲਨਾਤਮਕ ਜ਼ਿਕਰ ਕਰਦੀ ਮਿੰਨੀ ਸਮਾਜ ਸ਼ਾਸਤਰੀ ਦਾ ਕੰਮ ਕਰਦੀ ਹੋਈ ਲੋਕ ਦਿਲਾਂ ਵਿਚ ਵਿਚਰ ਰਹੇ ਵਰਤਾਰੇ ਨੂੰ  ਆਪਣੀ ਕਸੌਟੀ ਤੇ ਪਰਖਦੀ ਹੋਈ ‘ਯਾ ਖਾਚੂ ਪੀਅਤ ਕੌਫੀ’ (ਮੈਂ ਕਾਫੀ ਪੀਣਾ ਚਾਹੁੰਦੀ ਹਾਂ) ਰੂਸੀ ਬਜ਼ਾਰ, ਅੱਜ ਦਾ ਤੇ ਕਲ ਦਾ ਖਿਆਲਦੀ ਹੈ। ਸ਼ਾਇਦ ਮਿੰਨੀ ਦੀ ਜਿਆਦਾ ਕਾਫੀ ਪੀਣ ਦੀ ਆਦਤ ਹੀ ਪਾਠਕ ਨੂੰ ਕਈ ਕੁਝ ਮੈਗਨੀਫਾਈ(ਵਡਿਆਉਣਾ, ਮਹਿਮਾ ਕਰਨੀ) ਕਰਦੀ ਦਿਖਾਈ ਦਿੰਦੀ ਹੈ। ਕਾਫੀ ਪੀਂਦੀ ਹੋਈ ਦੀ ਸੋਚ,—ਮੇਜ਼ ਖਾਲੀ ਹੈ—ਨਹੀ ਹੈ— ਜੇ ਖਾਲੀ ਹੈ ਤੇ ਉਸਦਾ ਕੀ ਭਾਵ ਬੋਧ ਹੈ —ਤੇ ਜੇ ਜਗ੍ਹਾ ਨਹੀ ਉਸਦਾ ਕੀ ਭਾਵ ਅਰਥ ਹੈ— ਇਸਦਾ ਬੋਧ ਮਿੰਨੀ ਦੀ ਅਗਲੀ ਗੱਲ ਤੋਂ ਚਿਤਰਪੱਟ ਤੇ ਆ ਜਾਂਦਾ ਹੈ।

ਖਾਣਾ ਖਾਂਦਿਆਂ ਵੀ  ‘ਵਾਰ ਐਂਡ ਪੀਸ’ ਅੰਨ੍ਹਾ ਕਾਰੇਨੀਨਾ,ਲਿਓ ਟਾਲਸਟਾਇ, ਦੋਸਤੋਵਸਕੀ ਦੀ  ਸਾਇਬੇਰੀਅਨ ਜੇਲ੍ਹ ਯਾਤਰਾ ਤੇ  ਇਸ ਸਾਰੇ ਕਾਰਜ ਵਿਚ ਆਮ ਮਨੁੱਖ ਦੀ ਸੋਚ ਜਿਸਨੂੰ ਲੇਖਕਾ ਪ੍ਰਤੀਨਿਧਤਾ ਦਿੰਦੀ ਹੈ। ਇੱਕਲੀ ਵਿਖਾਈ ਹੀ ਨਹੀ ਦਿੰਦੀ ਬਲਕਿ ਆਮ ਮਨੁੱਖ ਦੀ ਸੋਚ ਵਿਚ ਰਚੀ ਮਿਚੀ ਝਲਕਦੀ ਹੈ।

ਉਸਦੀ ਬਿੰਬਾਵਾਲੀ ਦੇਖੋ,  ‘ਮੈਂ ਨਹੀ ਸੀ ਚਾਹੁੰਦੀ ਕਿ ਇਹ ਦਿਨ ਛੇਤੀ ਮੁੱਕ ਜਾਵੇ। ਜੇ ਕਰ ਸਕਦੀ ਤਾਂ ਦੋਵਾਂ ਹੱਥਾਂ ਨਾਲ ਪਕੜ ਇਸ ਦਿਨ ਨੂੰ ਖਿਚ ਕੇ ਲੰਬਾ ਕਰ ਦੇਂਦੀ। ਜਿਵੇਂ ਕਿਸੇ ਨੁਚੜਦੇ ਗਿੱਲੇ ਸਵੈਟਰ ਨੂੰ ਖਿੱਚ ਕੇ ਲੰਬਾ ਕਰ ਲਈਦਾ ਹੈ। ਲੇਖਿਕਾ ਸੰਨਦ ਵਾਸਤੇ ਹਰ ਸ਼ਹਿਰ ਤੋਂ ਪੋਸਟ ਕਾਰਡ ਪੋਸਟ ਕਰਦੀ ਹੈ। ਜਿਵੇਂ ਜਾਣ ਤੋਂ ਪਹਿਲਾਂ ਸ਼ਹਿਰ ਨੂੰ ਦਸਵੀਦਾਨੀਆ (ਫਿਰ ਮਿਲਾਂਗੇ) ਕਹਿੰਣ ਦਾ ਆਪੇ ਸਿਰਜਿਆ ਮਣਕਾ ਹੋਵੇ। ਜਿਸਨੂੰ ਉਸਨੇ ਟਰਾਂਟੋ ਪਹੁੰਚਕੇ ਮਣਕਿਆਂ ਦੀ ਮਾਲ ਪਰੋ ਗਲ਼ ਪਾ ਲੈਂਣਾ ਹੈ। ਜ਼ਰੂਰ ਹੀ ਮਿੰਨੀ ਦੀ ਕੰਧੂਈ ਉਸਦੇ ਗਹਿਣਿਆਂ ਵਿਚ ਪਈ ਹੋਵੇਗੀ। ਲੈਨਿਨ ਦੀ ਕਬਰ ਤੇ ਉਸਦਾ ਨਿਰਜਿੰਦ ਵਜੂਦ ਵੇਖਕੇ ਉਸਦਾ ਜਜ਼ਬਾਤੀ ਹੋਣਾ ਸੰਯੁਕਤ ਬਣ ਜਾਂਦਾ ਹੈ। ਮਾਸਕੋ ਤੋਂ ਸਾਇਬੇਰੀਆ ਦਾ ਟਰੇਨ ਸਫ਼ਰ ਜੋ 5191 ਕਿਲੋਮੀਟਰ ਦਾ ਹੈ, ਪੰਜ ਟਾਈਮ ਜ਼ੋਨ  ਤੇ ਰਸਤਾ ਪੰਜ ਦਿਨ ਤੇ ਚਾਰ ਰਾਤਾਂ ਜਿਤਨਾ ਲੰਬਾ ਹੈ। ਇਸ ਵਿਚ ਹੀ ਮਿੰਨੀ ਗਰੇਵਾਲ ਨੂੰ ਮੰਗੋਲੀਅਨ ਭਰਾ ਮਿਲਦੇ ਹਨ ਤੇ ਉਨ੍ਹਾਂ ਬਾਰੇ ਪੰਜਾਬੀ ਭਰਾਵਾਂ ਨੂੰ ਦਸਣ ਦੀ ਜਗਿਆਸਾ ਹਿੱਤ, ਉਨ੍ਹਾਂ ਦੇ ਹਾਵ ਭਾਵਾਂ ਨੂੰ ਗੌਹ ਨਾਲ ਟੋਂਹਦੀ ਹੈ। ਉਹ ਇੱਕ ਸਿਸਟਮ ਨਾਲ ਨਿਭਾਈ ਕਰ ਰਹੇ ਹਨ। ਹਰ ਸਟੇਸ਼ਨ ਤੇ ਉਤਰਦੇ ਆਪਣੇ ਫੋਲਡਿੰਗ ਮੇਜ਼ ਖੋਲਦੇ,ਵਸਤਾਂ ਵੇਚਦੇ ਤੇ ਫਿਰ ਗੱਡੀ ਵਿਚ ਸਵਾਰ ਹੋਕੇ ਅਗਲੇ ਸਟੇਸ਼ਨ ਵੱਲ ਕੂਚ ਕਰਦੇ ਹਨ। ਉਹ ਬਾਹਰੀ ਦੁਨੀਆਂ ਬਾਰੇ ਨਹੀ ਜਾਣਦੇ,ਜਿਹੜੀ ਦਾਇਰਿਆਂ ਵਿਚ ਬੰਦ ਹੈ।  ਪਰ ਵੈਨ ਗਰੈਚਕੀ ਦਾ ਨਾਮ ਸੁਣਕੇ ਉਹ ਸਮਝਦੇ ਹਨ ਕਿ ਇਹ ਮਹਿਮਾਨ ਤਾਂ ਆਪਣੇ ਹੀ ਹਨ।ਇੱਕ ਮੁੱਦੇ ਤੇ ਫੋਕਸ ਹੋਕੇ ਦੁਨੀਆਂ ਭਰ ਦੇ ਲੋਕ ਕਿਵੇਂ ਸਰਹਦਾਂ ਤੋਂ ਬੇਪਰਵਾਹ ਹੋਕੇ ਕੇਂਦਿਰਿਤ ਹੋ ਜਾਂਦੇ ਹਨ, ਇਸ ਵਿਚਾਰ ਦਾ ਧੜਕਣਾ ਖੁ਼ਸ਼-ਫਹਿਮੀ ਹੈ, ਆਦਰਸ਼ਕ ਹੈ ਪਰ ਹਾਂ-ਪੱਖੀ ਤੇ ਮੌਲਿਕ ਹੈ।  ਇਸਤੋਂ ਬਾਦ ਉਨ੍ਹਾਂ ਦਾ ਵਿਵਹਾਰ ਹੀ ਬਦਲ ਜਾਂਦਾ ਹੈ। ਕਮਾਲ ਹੈ ਮਿੰਨੀ ਜੀ,ਇਸਨੂੰ ਕਹਿੰਦੇ ਹਨ ਧੜਕਣ ਪੈਦਾ ਕਰਨੀ।

ਮਿੰਨੀ ਦੀ ਅਗਲੀ ਇੰਤਜ਼ਾਰ ਓਬਿਲਿਸਕ ਨੂੰ ਅੱਖਾਂ ਨਾਲ ਵੇਖਣਾ ਹੈ ਜੋ ਯੋਰਪ ਤੇ ਏਸ਼ੀਆ ਨੂੰ ਵੰਡਦਾ ਹੈ। ਉਸ ਸ਼ਬਦੀ ਕੰਧ ਨੂੰ ਵੇਖਣ ਲਈ ਚਾਨਣ ਲਈ ਅਰਦਾਸ ਕਰਦੀ ਆਪਣਾ ਸਿਰ ਖਿੜਕੀ ਨਾਲ ਜੋੜ ਲੈਂਦੀ ਹੈ। ਰੇਲ ਗੱਡੀ ਦੀ ਰੋਸ਼ਨੀ ਵਿਚ ਚਮਕਦਾ ਚਿੱਟਾ ਓਬਿਲਿਸਕ ਆਇਆ। ‘ਮੈਂ ਮਸਾਂ ਹੀ ਪੜ੍ਹ ਸਕੀ ਜਦ ਉਹ ਲੰਘ ਵੀ ਗਿਆ। ਮੈਂ ਉਹ ਥਾਂ ਵੇਖ ਲਿਆ’। ਉਸਦੀ ਕਿਲਕਾਰੀ ਨੇ ਪਾਠਕ ਨੂੰ ਝੰਜੋੜਿਆ ਹੈ ਜਿਥੇ ਇਨਸਾਨ ਯੋਰਪ ਦੇ ਮਹਾਂਦੀਪ ਨੂੰ ਵੰਡਕੇ ਦੋ ਨਾਮ ਦੇ ਦਿੰਦਾ ਹੈ। ਇਹ ਕੀਹਦੀ ਮਜ਼ਬੂਰੀ ਸੀ?ਯਕੀਨਨ ਕਿਸੇ ਆਮ ਮਾਨਵ ਦੀ ਨਹੀ। ਪਾਠਕ ਸੋਚਦਾ ਹੈ ਤੇ ਗੱਡੀ ਸਾਇਬੇਰੀਆ ਪਹੁੰਚ ਜਾਂਦੀ ਹੈ।  ਤਸਵੀਰਾਂ ਕਿਤਾਬ ਪੜ੍ਹਨ ਤੋਂ ਬਾਦ ਹੋਰ ਵੀ ਸੋਹਣੀਆਂ ਹੋ ਜਾਂਦੀਆਂ ਹਨ। ਕਿਤਾਬ ਦੇ ਸ਼ੁਰੂ ਵਿਚ ਦਰਜ ਨਕਸ਼ਾ,ਨਵੀਸੀ ਦੀ ਉਦਾਹਰਣ ਬਣ ਜਾਂਦਾ ਹੈ।  ਗਰੁਪ ਮਗਰ ਫਿਰਦੀ ਛਾਂ ਕਦੇ ਫਿੱਕੀ ਤੇ ਕਦੇ ਗੂੜ੍ਹੀ ਹੁੰਦੀ ਹੋਈ ਸਾਇਬੇਰੀਆ ਤੋਂ ਬਾਦ ਬੇਜ਼ਿੰਗ ਪਹੁੰਚਦੀ ਹੈ ਜਿਸਦੀ ਵਾਲ-ਔਫ-ਚਾਇਨਾ ਚੰਦਰਮਾ ਤੋਂ ਦਿਸਣ ਵਾਲੀਆਂ ਦੋ ਸ਼ੈਆ ਵਿਚੋਂ ਇੱਕ ਹੈ। ਮਿੰਨੀ ਨੇ ਜ਼ਰੂਰ ਇਹ ਸੁਪਨਾ ਵੇਖ ਲਿਆ ਹੋਵੇਗਾ ਕਿ ਇੱਕ ਦਿਨ ਉਹ ਚੰਦ ਤੇ ਪਹੁੰਚਕੇ ਇਹ ਵਾਲ-ਔਫ-ਚਾਇਨਾ ਵੇਖੇਗੀ। ਮੇਰਾ ਨਹੀ ਖਿਆਲ ਉਸਦਾ ਇਹ ਸੁਪਨਾ ਕਦੇ ਪੂਰਾ ਹੋਵੇਗਾ ਪਰ ਇਸ ਸੁਪਨੇ ਦੇ ਪੂਰੇ ਹੋਣ ਤੋਂ ਪਹਿਲਾਂ ਮੇਰਾ ਯਕੀਨ ਹੈ ਕਿ ਉਹ ਪਾਠਕ ਨੂੰ ਕਈ ਕੁਝ ਨਵਾਂ ਦਿਖਾਉਣ ਦੀ ਆਪਣੀ ਰੁਚੀ ਨੂੰ ਸਾਕਾਰ ਜ਼ਰੂਰ ਕਰੇਗੀ। ਦਸਵੇਦਾਨੀਆਂ। (ਫਿਰ ਮਿਲਾਂਗੇ)

anjanian dhartian ਅਨਜਾਣੀਆਂ ਧਰਤੀਆਂ


%d bloggers like this: