1857 ਦੀ ਬਗਾਵਤ ਵਿਚ ਦਲਿਤਾਂ ਦਾ ਰੋਲ

1857 ਦੀ ਬਗਾਵਤ ਵਿਚ ਦਲਿਤਾਂ ਦਾ ਰੋਲ

ਇਤਿਹਾਸਕਾਰਾਂ ਲਈ ਅਜ਼ਾਦੀ ਦੀ ਪਹਿਲੀ ਲੜਾਈ ਇੱਕ ਮੰਨ-ਭਾਉਂਦਾ ਵਿਸ਼ਾ ਰਿਹਾ ਹੈ। ਭਾਰਤੀ ਤੇ ਬ੍ਰਿਟਿਸ਼ ਇਤਿਹਾਸਕਾਰਾਂ ਨੇ ਇਸ ਬਾਰੇ ਲਿਖਿਆ ਹੈ। ਜਿੱਥੇ ਭਾਰਤੀ ਇਤਿਹਾਸਕਾਰਾਂ ਨੇ ਇਸਨੂੰ ਭਾਰਤੀ ਅਜ਼ਾਦੀ ਦੀ ਪਹਿਲੀ ਲੜਾਈ ਦੇ ਤੌਰ ਤੇ ਉਭਾਰਿਆ ਤੇ ਪਰਚਾਰਿਆ,ਉੱਥੇ ਬ੍ਰਿਟਿਸ਼ ਇਤਿਹਾਸਾਕਾਰਾਂ ਜਿਵੇਂ ਸਰ ਵਿਲੀਅਮ ਕਾਏ ਤੇ ਕਰਨਲ ਜੀ.ਬੀ ਮਾਲੇਸਨ ਨੇ ਭਾਰਤੀਆਂ ਦੇ ਇਸ ਲਕਬ ਨੂੰ ਰੱਦ ਕਰਕੇ ਇਸਨੂੰ ਸਿਪਾਹੀਆਂ ਦੀ ਬਗਾਵਤ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ। ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ ਇਹ ਬਗਾਵਤ ਦੇਸ਼-ਭਗਤੀ ਅਧਾਰਿਤ ਨਾ ਹੋਕੇ ਇੱਕ ਨਿੱਜੀ ਤੇ ਸੁਆਰਥੀ ਲੜਾਈ ਸੀ। ਜਿਸਦੀ ਅਗਵਾਈ ਨਾ ਤਾਂ ਕਿਸੇ ਸਥਾਨਿਕ ਨੇਤਾ ਨੇ ਕੀਤੀ ਤੇ ਨਾ ਹੀ ਇਹ ਲੋਕਾਂ ਵਿਚ ਹਰਮਨ ਪਿਆਰੀ ਸੀ। ਦੂਜੇ ਪਾਸੇ ਇੱਕ ਹੋਰ ਬ੍ਰਿਟਿਸ਼ ਇਤਿਹਾਸਕਾਰ ਥੌਮਸ ਲੋਅ  ਲਿਖਦਾ ਹੈ ਕਿ ਬਾਲ ਹੱਤਿਆ ਕਰਨ ਵਾਲੇ ਰਾਜਪੂਤ, ਕਟੜ ਬਾਹਮਣ, ਰੂੜ੍ਹੀਵਾਦੀ ਮੁਸਲਮਾਨ,ਅਰਾਮ ਪਸੰਦ ਅਯਾਸ਼,ਅਭਿਲਾਸ਼ੀ ਮਰਹੱਟੇ,ਇਹ ਸਾਰੇ ਇੱਕਠੇ ਹੋਕੇ  ਇਸ ਕਾਰਜ ਵਿਚ ਜੁਟ ਗਏ। ਗਊ ਹੱਤਿਆ ਕਰਨ ਵਾਲੇ, ਗਊ ਪੂਜਕ,ਸੂਰ ਨੂੰ ਨਫ਼ਰਤ ਕਰਨ ਵਾਲੇ ਤੇ ਸੂਰ ਨੂੰ ਖਾਣ ਵਾਲੇ,ਅਲਾਹ ਨੂੰ ਇੱਕ ਕਹਿੰਣ ਵਾਲੇ, ਤੇ ਮੁਹਮੰਦ ਉਨ੍ਹਾਂ ਦਾ ਪੈਗੰਬਰ ਹੈ ਤੇ ਰਹੱਸਮਈ ਕਿਰਿਆਵਾਂ ਬਾਰੇ ਬੁੜਬੁੜ ਕਰਨ ਵਾਲੇ ਬਰਾਹਮਣ,ਇਨ੍ਹਾਂ ਸਾਰਿਆਂ ਨੇ ਇੱਕਠੇ ਹੋਕੇ ਬਗਾਵਤ ਕਰ ਦਿੱਤੀ।ਇਹ ਇਤਿਹਾਸਕਾਰ ਲੋਅ,1860 ਦੇ ਪੇਜ਼ ਨੰਬਰ 24 ਤੇ ਅੰਕਿਤ ਹੈ। ਬ੍ਰਿਟਿਸ਼ ਇਤਿਹਾਸਕਾਰ ਦੇ ਇਸ ਬਿਰਤਾਂਤ ਤੋਂ ਇਹ ਸਿਧ ਹੁੰਦਾ ਹੈ ਕਿ ਜਿਹੜੀ ਛੋਟੀ ਜਿਹੀ ਬਗਾਵਤ ਸਿਪਾਹੀਆਂ ਵਲੋਂ ਹੋਈ ਸੀ,ਉਹ ਉੱਤਰੀ ਤੇ ਸੈਂਟਰਲ ਇੰਡੀਆ ਦੇ ਖਿੱਤਿਆਂ ਵਿਚਲੇ ਇਨ੍ਹਾਂ ਵਡੀ ਜਮਾਤ ਵਾਲਿਆਂ ਨੇ ਆਪਣੇ ਨਿੱਜੀ ਮੁਫਾਦ ਦੀ ਖਾਤਰ ਰਾਜਨੀਤਕ ਰੰਗਤ ਦੇਕੇ ਵਡੀ ਕਰ ਲਈ।
ਭਾਰਤੀ ਇਤਿਹਾਸਕਾਰਾਂ ਨੇ ਸੰਯੁਕਤ ਰੂਪ ਵਿਚ1857 ਦੀ ਬਗਾਵਤ ਨੂੰ ਹਰਮੰਨ-ਪਿਆਰੀ ਤੇ ਲੋਕਾਂ ਦੀ ਅਵਾਜ਼ ਦੇ ਰੂਪ ਵਿਚ ਹੀ ਲਿਆ ਹੈ। ਇਤਿਹਾਸਕਾਰ ਤੇ ਵਿਦਵਾਨਾਂ ਨੇ ਵਖੋ ਵਖਰੇ ਸਮੂਦਾਏ ਵਲੋਂ ਪਾਏ ਸਹਿਯੋਗ ਨੂੰ ਬਹਿਸ ਦਾ ਵਿਸ਼ਾ ਬਣਾਇਆ ਹੈ। ਕੁਝ ਇਤਿਹਾਸਕਾਰਾਂ ਤੇ ਵਿਦਵਾਨਾਂ ਦਾ ਸਾਹਿਤ ਇਹ ਵੀ ਕਹਿੰਦੇ ਹਨ ਕਿ ਇਹ ਸਥਾਨਕ ਰਾਜੇ,ਮਹਾਰਾਜੇ ਤੇ ਜਗੀਰਦਾਰਾਂ ਦੀ ਅੰਗਰੇਜ਼ ਖਿਲਾਫ ਜੰਗ ਸੀ,ਜਿਸਨੂੰ ਉਹ ਅੱਗੇ ਲੈਕੇ ਗਏ ਜਿਵੇਂ, ਝਾਂਸੀ ਦੀ ਰਾਣੀ,ਨਾਨਾ ਸਾਹਿਬ ਪੇਸ਼ਵਾ, ਤਾਂਤੀਆ ਤੋਪੇ, ਕੁੰਵਰ ਸਿੰਘ  ਤੇ ਇਸਤਰ੍ਹਾਂ ਹੀ ਹੋਰ। ਇਸ ਸਭ ਕਾਸੇ ਵਿਚ ਨੀਵੀਂ ਜਾਤ ਵਾਲੇ ਸਿਰਫ ਫੌਜੀਆਂ, ਗਾਰਡਾਂ ਤੇ ਚੌਕੀਦਾਰਾਂ ਆਦਿ ਦਾ ਕੰਮ ਹੀ ਕਰਦੇ ਸਨ।ਇੱਥੇ ਕੁਝ ਉਨ੍ਹਾਂ ਜ਼ਿੰਮੇਵਾਰ ਵਿਦਵਾਨਾਂ ਦਾ ਇੱਕ ਪੂਰ ਵੀ ਗੌਲਣਯੋਗ ਹੈ ਜੋ ਇਸ ਕਿਸਮ ਦੀ ਵੰਡ ਨੂੰ ਠੀਕ ਨਹੀ ਮੰਨਦਾ। ਉਨ੍ਹਾਂ ਅਨੁਸਾਰ ਇਤਨੀ ਵਡੀ ਪਧਰ ਤੇ ਹੋਈ ਬਗਾਵਤ ਨੂੰ ਸਿਰਫ ਕੁਝ ਗਰੁਪਾਂ ਦੀ ਪਲੈਨਿੰਗ ਤੇ ਸੰਚਾਲਨਾਂ ਨਹੀ ਸਮਝਿਆ ਜਾ ਸਕਦਾ। ਇਸ ਕਾਰਜ ਦੀ ਸਫਲਤਾ ਲਈ ਸਾਰੇ ਲੋਕਾਂ ਦੀ ਸਰਗਰਮ ਹਮਾਇਤ ਦੀ ਜ਼ਰੂਰਤ ਸੀ।ਕਿਉਂਕਿ ਭਾਰਤੀ ਜੰਨਸੰਖਿਆ ਵਿਚ ਦਲਿਤ ਤੇ ਪੱਛੜੇ ਹੋਏ ਸਮਾਜ ਦੀ ਗਿਣਤੀ ਬਹੁਤ ਜ਼ਿਆਦਾ ਹੈ,ਇਸਲਈ ਉਨ੍ਹਾਂ ਦੇ ਮਿਲਵਰਤਨ ਤੋਂ ਬਗੈਰ ਐਸੀ ਕਿਸੇ ਪਲੈਨਿੰਗ ਤੇ ਸੰਚਾਲਨਾ ਦਾ ਸੁਪਨਾ ਵੀ ਨਹੀ ਲਿਆ ਜਾ ਸਕਦਾ। ਇਸ ਬਹਿਸ ਨੂੰ ਦਲਿਤ ਨੇਤਾਵਾਂ ਵਲੋਂ ਦਿੱਤੀਆਂ ਜਾ ਰਹੀਆਂ ਦਲੀਲਾਂ ਨਾਲ ਬੱਲ ਮਿਲਦਾ ਹੈ। ਉਹ ਹਮੇਸ਼ਾਂ ਤੋਂ ਰਾਸ਼ਟਰ ਦੀ ਉਸਾਰੀ ਦੇ ਕਾਰਜ ਵਿਚ ਆਪਣਾ ਯੋਗ ਥਾਂ ਦੀ ਮੰਗ ਕਰਦੇ ਆ ਰਹੇ ਹਨ। ਇਹ ਵਖਰੇਵਾਂ ਜੋ 1857 ਤੋਂ ਪਹਿਲਾਂ ਸੀ,ਉਸਨੂੰ ਨਾ ਮੰਨਜ਼ੂਰ ਕਰਦੇ ਆ ਰਹੇ ਹਨ। ਇਹੋ ਕਾਰਣ ਹੈ ਕਿ ਇਸ ਬਗਾਵਤ ਵਿਚ ਬਹੁਤ ਸਾਰੇ ਦਲਿਤ ਹੀਰੋ ਹੋਏ ਹਨ। ਇਸਦਾ ਇੱਕ ਇਤਿਹਾਸਕ ਪਹਿਲੂ ਵੀ ਹੈ। ਯੋਰਪ ਦੇ ਕਪੜੇ ਤੇ ਹੋਰ ਸਾਜੋ ਸਮਾਨ ਨੇ ਭਾਰਤ ਦੀ ਦਸਤਕਾਰੀ ਨੂੰ ਵਡਾ ਧੱਕਾ ਲਾਇਆ।ਕਈ ਰੋਜ਼ਗਾਰ ਜਿਵੇਂ ਜੁਲਾਹੇ,ਲਕੜੀ ਦਾ ਕੰਮ,ਲੁਹਾਰ,ਮੋਚੀ, ਤੇ ਇਸਤਰ੍ਹਾਂ ਹੀ ਕੁਝ ਹੋਰ,ਇਹ ਸਾਰੇ ਛੋਟੀ ਜਾਤੀ ਦੇ ਸਮਝੇ ਜਾਂਦੇ ਸਨ। ਇਹ ਸਾਰੇ ਬੇਕਾਰ ਜਿਹੇ ਹੀ ਹੋ ਗਏ,ਆਮਦਨ ਦਾ ਕੋਈ ਸਾਧਨ ਹੀ ਨਾ ਰਿਹਾ।ਇਸਲਈ ਇਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਬਗਾਵਤ ਦੀ ਲੜਾਈ ਆਪਣੀ ਸਮਝ ਕੇ ਲੜੀ।ਇਹ ਸਮਾਜਿਕ ਤੇ ਆਰਥਿਕ ਨਾ ਬਰਾਬਰੀ ਦੀ ਲੜਾਈ ਸੀ ਨਾ ਕਿ ਕਿਸੇ ਰਾਜੇ ਦੇ ਫੌਜੀ,ਗਾਰਡ ਜਾਂ ਚੌਂਕੀਦਾਰ ਦੀ। ਦਲਿਤ ਵਿਦਵਾਨ ਤੇ ਵਿਦਿਅਕ ਮਾਹਰ ਇਹ ਵਿਸ਼ਵਾਸ਼ ਕਰਦੇ ਹਨ ਕਿ ਬਹੁਤ ਸਾਰੀਆਂ ਜਾਤਾਂ ਨੇ ਬਗਾਵਤ ਵਿਚ ਲੀਡਰ ਤੇ ਕਮਾਂਡਰ ਦੀ ਭੁਮਿਕਾ ਨਿਭਾਈ। ਦੂਜੇ ਪਾਸੇ, ਮੁੱਖ ਧਾਰਾ ਦੇ ਵਿਦਿਅਕ ਮਾਹਰਾਂ ਦਾ ਵਿਚਾਰ ਹੈ ਕਿ ਇੱਕ ਇਕਾਈ ਦੇ ਤੌਰ ਤੇ ਦਲਿਤ ਹਮੇਸ਼ਾਂ ਹੀ ਆਗਿਆਕਾਰ,ਦਬੂ ਤੇ ਅਧੀਨਗੀ ਸਵੀਕਾਰ ਕਰਨ ਵਾਲੇ ਰਹੇ ਹਨ। ਇਸ ਸੰਦਰਭ ਵਿਚ ਉਹ ਕਿਵੇ 1857 ਦੀ ਬਗਾਵਤ ਵਿਚ ਇੱਕ ਸਰਗਰਮ ਭੁਮਿਕਾ ਨਿਭਾ ਸਕਦੇ ਸਨ? ਇਸ ਪੇਪਰ ਵਿਚ (ਪੇਪਰ ਦਾ ਲੇਖਕ ਬਦਰੀ ਨਰਾਇਣ ਹੈ)ਅਸੀਂ ਦਲਿਤਾਂ ਦੀ ਭੁਮਿਕਾ ਦਾ ਮੁਲਅੰਕਣ ਕਰਾਂਗੇ,ਤੇ ਇਸ ਕਾਰਜ ਲਈ ਇਤਿਹਾਸਕ ਦਸਤਾਵੇਜ਼ਾਂ ਦੀ ਪੁਣ ਛਾਣ ਕਰਾਂਗੇ। ਮੂੰਹ ਜ਼ਬਾਨੀ ਤੁਰਿਆ ਆ ਰਿਹਾ ਇਤਿਹਾਸ ਤੇ ਉਹ ਇਤਿਹਾਸ ਜੋ ਦਲਿਤਾਂ ਵਲੋਂ ਲਿਖਿਆ ਗਿਆ ਹੈ,ਜਿਸ ਵਿਚ ਉਨ੍ਹਾਂ ਆਪਣੀ ਪਛਾਣ ਦਰਸਾਈ ਹੈ ਕਿ ਕਿਸਤਰ੍ਹਾਂ ਉਨ੍ਹਾਂ ਨੇ ਇਸ ਬਗਾਵਤ ਵਿਚ ਆਪਣਾ ਹਿੱਸਾ ਪਾਇਆ ਤੇ ਕਿਸਤਰ੍ਹਾਂ ਅਗਵਾਈ ਕੀਤੀ ਤੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਜਾਂ ਕੀ ਉਨ੍ਹਾਂ ਦਾ ਰੋਲ ਇੱਕ ਨੌਕਰ ਵਾਲਾ ਤੇ ਉੱਚੀ ਜਾਤ ਦਾ ਹੁਕਮ ਮੰਨਣ ਵਾਲਾ ਹੀ ਸੀ?

1857 ਦੇ ਸਾਲ ਦੌਰਾਨ ਦਲਿਤਾਂ ਦੀ ਗਤੀਸ਼ੀਲਤਾ ਦਾ ਉਭਾਰ;

ਜੇ ਕੋਈ ਘਟਨਾਵਾਂ ਦਾ ਸਰਵੇਖਣ ਕਰੇ ਜਿਹੜੀਆਂ 1857 ਦੇ ਸਾਲ ਦੌਰਾਨ ਵਾਪਰੀਆਂ ਤਾਂ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਦਲਿਤ ਇੱਕ ਜਮਾਤ ਦੇ ਤੌਰ ਤੇ ਆਪਣੇ ਪਿੰਡਾਂ ਤੋਂ ਉੱਠਕੇ ਸ਼ਹਿਰਾਂ ਵਲ ਤੁਰ ਪਏ ਸਨ। ਇਸਦਾ ਕਾਰਣ ਉਨ੍ਹਾਂ ਦਾ ਬੇਰੁਜ਼ਗਾਰ ਹੋਣਾ ਸੀ ਤੇ ਉਹ ਰੁਜ਼ਗਾਰ ਦੀ ਭਾਲ ਵਿਚ ਇਧਰ ਉਧਰ ਜਾ ਰਹੇ ਸਨ। ਸੰਨ 1820, ਗੁਲਾਮ ਪ੍ਰਥਾ ਦਾ ਖਾਤਮਾ ਹੋ ਗਿਆ। ਇਹ ਉਹ ਮੌਕਾ ਸੀ ਜਦੋਂ ਬਸਤੀਵਾਦ ਮੁਲਕ ਜਿਵੇਂ ਬ੍ਰਿਟੇਨ,ਨੀਦਰਲੈਂਡ ਆਦਿ ਨੂੰ ਆਪਣੀਆਂ  ਬਸਤੀਆਂ ਲਈ ਆਪਣੀਆਂ ਖੰਡ ਮਿਲਾਂ, ਕੋਕੋਆ ਤੇ ਪਟਸਨ ਤੇ ਹੋਰ ਕਾਰਖਾਨਿਆਂ ਲਈ ਸਸਤੀ ਮਜ਼ਦੂਰੀ ਚਾਹੀਦੀ ਸੀ। ਇਕਰਾਰਨਾਮੇ ਦੇ ਸਿਸਟਮ ਰਾਹੀਂ, ਇਹ ਮਜ਼ਦੂਰ ਭਾਰਤ ਵਿਚੋਂ ਮਿਲ ਰਹੇ ਸਨ। ਇਸ ਸਿਸਟਮ ਰਾਹੀਂ,1833 ਤੋਂ ਲੈਕੇ 1916 ਤੱਕ ਬਾਰਾਂ ਲੱਖ ਲੋਕ,ਬਿਹਾਰ ਦੇ ਭੋਜ਼ਪੁਰ ਤੇ ਉੱਤਰ ਪ੍ਰਦੇਸ਼ ਤੋਂ ਜ਼ਿਆਦਾਤਰ ਪਰਵਾਸ ਕਰ ਗਏ ਸਨ।ਇਹ ਮੁਲਕ ਸਨ-ਸੁਰੀਨੇਮ,ਮਾਰਸ਼ਿਸ਼,ਫਿਜ਼ੀ, ਗਿਆਨਾ,ਟਰਿਨੀਡੈਡ ਤੇ ਟੋਬਾਗੋ ਆਦਿ,ਇਨ੍ਹਾ ਨੇ ਕਾਲੋਨੀਆ ਦੇ ਫਾਰਮਾਂ ਵਿਚ ਕੰਮ ਕੀਤਾ। ਇਹ ਸਾਰਾ ਰਿਕਾਰਡ ਰਜਿਸਟਰ ਵਿਚ ਦਰਜ਼ ਹੈ ਤੇ ਇਹ ਡੱਚ ਅਫਸਰ ਵਲੋਂ ਤਿਆਰ ਕੀਤਾ ਗਿਆ, ਜਿਹੜਾ ਅਜੇ ਵੀ ਸੁਰੀਨੇਮ ਤੇ ਨੀਂਦਰਲੈਂਡ ਦੇ ਪੁਰਾਣੇ ਰਿਕਾਰਡ ਵਿਚ ਉਪਲਬਦ ਹੈ। ਇਸ ਰਿਕਾਰਡ ਮੁਤਾਬਕ ਬਹੁਤ ਸਾਰੇ ਪਰਵਾਸ ਧਾਰਨ ਵਾਲੇ ਇੰਡੀਆ ਦੀਆਂ ਛੋਟੀਆਂ ਜਾਤਾਂ ਨਾਲ ਸਬੰਧਿਤ ਸਨ ਜਿਵੇਂ;- ਚਮਾਰ, ਦੁਸਾਧ,ਕੋਰੀ,ਕਹਾਰ ਤੇ ਇਸਤਰ੍ਹਾਂ ਹੀ ਕੁਝ ਹੋਰ। ਸਿਰਫ ਪੰਜ ਪ੍ਰਤੀਸ਼ਤ ਪਰਵਾਸੀ ਹੀ ਬਰਾਹਮਣ ਸਨ ਤੇ ਪੰਦਰਾ ਪ੍ਰਤੀਸ਼ਤ ਠਾਕੁਰ।ਇਹੋ ਰੁਝਾਨ ਦੂਸਰੇ ਮੁਲਕਾਂ ਦੇ ਰਿਕਾਰਡ ਵਿਚ ਵੀ ਹੈ ਜਿਵੇਂ;- ਮੌਰੀਸ਼ਿਸ਼, ਫਿਜ਼ੀ, ਟਰਿਨੀਡੈਡ, ਆਦਿ। ਇਸਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਉਸ ਵਕਤ ਵੀ ਦਲਿਤ ਤੇ ਛੋਟੀਆਂ ਜਾਤਾਂ ਵਾਲੇ,ਕੋਈ ਐਸੀ ਜਮਾਤ ਨਹੀ ਸੀ ਜੋ ਜਗੀਰਦਾਰੀ ਸਿਸਟਮ ਅਨੁਸਾਰ ਆਪਣੇ ਮਾਲਕ ਦਾ ਹੁਕਮ ਮੰਨਣ ਦੀ ਪਾਬੰਧ ਹੋਵੇ। ਉਹ ਬਿਨ੍ਹਾ ਕਿਸੇ ਖਾਸ ਵਜ੍ਹਾ ਦੇ ਆਪਣੀ ਜ਼ਮੀਨ ਜੋ ਉਨ੍ਹਾਂ ਦੀ ਹੈ ਹੀ ਨਹੀ ਸੀ ਤੇ ਆਪਣਾ ਪਿੰਡ ਰਹਿੰਣ ਲਈ ਤਿਆਰ ਨਹੀ ਸਨ ਤੇ ਉਨ੍ਹਾਂ ਆਪਣਾ ਰਸਤਾ ਆਪ ਚੁਣਿਆ ਤੇ ਇਸਲਈ ਸਮੁੰਦਰੋਂ ਪਾਰ ਜਾਣ ਦਾ ਜੋਖ਼ਮ ਵੀ ਉਠਾਇਆ।ਇਹ ਖਾਹਸ਼ ਇਤਨੀ ਪ੍ਰਬਲ ਨਹੀ ਹੋ ਸਕੀ ਕਿ ਉਹ ਆਪਣੀਆਂ ਜੜ੍ਹਾਂ ਨਾਲੋਂ ਅਲਹਿਦਾ ਹੋ ਰਹੇ ਹਨ। ਸਗੋਂ ਇਹ ਜਾਹਰਾ ਤੌਰ ਤੇ ਦਿਸਦਾ ਹੈ ਕਿ ਉਨ੍ਹਾਂ ਦੀ ਇੱਛਾ ਬੇਹਤਰ ਆਰਥਿਕ ਹਾਲਾਤ ਤੇ ਰੂੜ੍ਹੀਵਾਦੀ ਜਗਰੀਦਾਰੀ ਦੀ ਫਰਮਾ-ਬਰਦਾਰੀ ਤੋਂ ਪਿੱਛਾ ਛੁਡਾਉਂਣਾ ਸੀ। ਸਮਾਜਿਕ ਸਿਸਟਮ ਜੋ ਉਨ੍ਹਾਂ ਦੇ ਦੁਆਲੇ ਉਣਿਆ ਗਿਆ ਸੀ , ਉਹ ਬਰਾਹਮਣ ਵਾਦ ਦਾ ਵਿਹਾਰ ਪ੍ਰਬੰਧ ਸੀ। ਇਹ ਪ੍ਰਬੰਧ ਉਨ੍ਹਾਂ ਦਾ ਸੋਸ਼ਣ ਕਰ ਰਿਹਾ ਸੀ ਤੇ ਆਪਣੀ ਹੀ ਸੁਵਿਧਾ ਦੇ ਹੱਕ ਵਿਚ ਭੁਗਤ ਰਿਹਾ ਸੀ। ਇਸ ਸਾਰੇ ਕਾਰਜ ਨੇ ਤੇ ਮੌਕਿਆਂ ਨੇ ਉਨ੍ਹਾਂ ਵਿਚ ਇੱਕ ਮਜ਼ਬੂਤ ਖਾਹਸ਼ ਭਰ ਦਿੱਤੀ। ਉਹ ਨਵੇਂ ਰਸਤੇ ਚਲਦਿਆਂ ਆਪਣੀ ਆਰਥਿਕ ਦਸ਼ਾ ਸੁਧਾਰਨਗੇ, ਆਪਣੇ ਰਹਿੰਣ ਸਹਿੰਣ ਦੇ ਢੰਗ ਨੂੰ ਵਧੀਆ ਕਰਨਗੇ ਤੇ ਸਿਰਫ ਮਜ਼ਦੂਰੀ  ਤੇ ਜਾਤੀ ਨੌਕਰ ਬਣਨ ਦੇ ਹੀਣ ਕੰਮ ਤੋਂ ਛੁਟਕਾਰਾ ਹਾਸਲ ਕਰਨਗੇ। ਸਥਾਨਿਕ ਜਗੀਰਦਾਰ,ਉਨ੍ਹਾਂ ਦੇ ਸਵੈਮਾਣ ਨੂੰ ਠੇਸ ਮਾਰਨ ਦੇ ਹੱਕ ਤੋਂ ਵਾਂਝੇ ਹੋ ਜਾਣਗੇ ਤੇ ਉਹ ਅਗਲੀਆਂ ਨਸਲਾਂ ਲਈ ਕੁਝ ਵਧੀਆ ਉਸਾਰੀ ਕਰਨਗੇ। ਇਸਤਰ੍ਹਾਂ ਦਲਿਤ,ਹੌਲੀ ਹੌਲੀ ਖਤਰੇ ਲੈਣ ਵਾਲੀ ਤੇ ਜੋਖਮ ਭਰਿਆ ਰਾਹ ਚੁਣਨ ਵਾਲੀ ਜਮਾਤ ਬਣਕੇ ਉਭਰਦੀ ਹੈ। ਉਹ ਕਿਸੇ ਵੀ ਲਲਕਾਰ ਨੂੰ ਸਵੀਕਾਰ ਕਰਨ ਲਈ ਤਤਪਰ ਨਜ਼ਰ ਆਉਂਦੇ ਹਨ। ਦਲਿਤ  ਕੈਰੇਬਿਅਨ ਦੇਸ਼ਾਂ ਵਲ ਪ੍ਰਵਾਸ ਕਰ ਗਏ ਤੇ ਲਗਾਤਾਰ ਪਿੱਛੇ ਪਰਿਵਾਰਾਂ ਨੂੰ ਪੈਸੇ ਭੇਜਦੇ ਰਹੇ।ਪਿੱਛੇ ਰਹਿ ਗਏ ਪਰਿਵਾਰਾਂ ਦਾ ਭਵਿਖ ਉਜਲਾ ਕਰਨ ਦੀ ਖਾਤਰ,ਉਨ੍ਹਾਂ ਨਾਲ ਜੁੜੇ ਰਹੇ ਤੇ ਸਮਾਜਿਕ ਰੁਤਬੇ ਨੂੰ ਬਹਾਲ ਕਰਨ ਦਾ ਆਹਰ ਕਰਦੇ ਰਹੇ। ਇਸ ਤਤ ਦੀ ਪੜਤਾਲ ਕਰਨ ਲਈ ਅਸੀਂ ਮੁਨਸ਼ੀ ਰਹਿਮਾਨ ਖਾਂਨ ਦੀ ਸਵੈ-ਜੀਵਨੀ ਪੜ੍ਹ ਸਕਦੇ ਹਾਂ।ਮੁਨਸ਼ੀ ਰਹਿਮਾਨ ਇੱਕ ਪੜ੍ਹਿਆ ਲਿਖਿਆ ਪ੍ਰਵਾਸੀ ਸੀ ਜੋ ਸੁਰੀਨੇਮ ਰਹਿੰਦਾ ਸੀ, ਉਸਨੇ ਬਹੁਤ ਵਿਸਥਾਰ ਵਿਚ ਲਿਖਿਆ ਹੈ। ਇਸਤੋਂ ਪਤਾ ਲਗਦਾ ਹੈ ਕਿ ਪ੍ਰਵਾਸ ਵਿਚ ਵਸੇ ਦਲਿਤਾਂ ਨੇ ਕਿਸਤਰ੍ਹਾਂ ਭਾਰਤ ਰਹਿੰਦੇ ਦਲਿਤਾਂ ਦਾ ਆਰਥਿਕ ਸੁਧਾਰ ਕੀਤਾ ਤੇ ਇਸ ਸੁਧਾਰ ਨੇ ਉਨ੍ਹਾਂ ਦਾ ਸਮਾਜਿਕ ਰੁਤਬਾ ਵੀ ਵਧਾਇਆ।

 

ਪ੍ਰਸਿਧ ਡਚ ਇਤਿਹਾਸਕਾਰ ਡਰਕ ਐਚ. ਕੌਲਫ ਆਪਣੀ ਕਿਤਾਬ, ‘ਨੌਕਰੀ,ਸਿਪਾਹੀ, ਤੇ ਰਾਜਪੂਤ’ ਵਿਚ ਆਪਣੀ ਖੋਜ਼ ਦਾ ਸਾਰ ਅੰਸ਼ ਦਿੰਦਾ ਲਿਖਦਾ ਹੈ ਕਿ 1857 ਸਾਲ ਦੇ ਇਰਦ ਗਿਰਦ ਬਹੁਤ ਸਾਰੇ ਦਲਿਤ ਤੇ ਪਛੜੀਆਂ ਸ਼੍ਰੇਣੀਆਂ  ਦੇ ਵਿਅਕਤੀ ਅਖਾੜਿਆਂ ਵਿਚ ਆਉਂਣ ਦੇ ਸ਼ੌਕੀਨ ਸਨ। ਉਹ ਉੱਥੇ ਆਕੇ ਠਾਕੁਰਾਂ ਨਾਲ ਰਲਕੇ, ਘੁਲਦੇ ਤੇ ਲੜਾਈ ਦੀਆਂ ਤਕਨੀਕਾਂ ਤੇ ਦਾਅ ਪੇਚ ਸਿਖਦੇ। ਇਹ ਉਥੋਂ ਦੇ ਸਥਾਨਿਕ ਭੂਮੀ ਮਾਲਕ,ਰਾਜਿਆਂ ਤੇ ਬ੍ਰਿਟਿਸ਼ ਆਰਮੀ ਦੀ ਸਮੇ ਅਨੁਸਾਰ ਲੋੜ ਵੀ ਸੀ।  ਕੋਲਫ ਅੱਗੇ ਲਿਖਦਾ ਹੈ ਕਿ ਕਿ ਇੱਕ ਸੈਲਾਨੀ ਜਿਸਦਾ ਨਾਮ ਪੀਟਰ ਮੁੰਡੇ ਸੀ ਤੇ ਉਹ ਆਗਰਾ ਤੋਂ ਪਟਨਾ ਜਾਂਦਾ ਹੋਇਆ  ਦੇਖਦਾ ਹੈ ਕਿ ਬਹੁਤ ਵਡੀ ਗਿਣਤੀ ਵਿਚ ਆਰਮੀ ਦੇ ਸਿਪਾਹੀਆਂ ਦੇ ਕੈਂਪਾਂ ਲਾਗੇ ਅਖਾੜੇ ਬਣੇ ਹੋਏ ਸਨ ਤੇ ਲਗਾਤਾਰ ਉੱਥੇ ਕੁਸ਼ਤੀਆਂ ਤੇ ਹੋਰ ਸਰੀਰਕ ਕਸਰਤਾਂ ਚਲਦੀਆਂ ਰਹਿੰਦੀਆਂ ਸਨ। ਇਸਤੋਂ ਇਲਾਵਾ ਸਾਰਾ ਅਵਧ ਤੇ ਭੋਜ਼ਪੁਰ ਦਾ ਇਲਾਕਾ, ਅਖਾੜਿਆਂ ਨਾਲ ਭਰਿਆ ਪਿਆ ਸੀ ਜਿੱਥੇ ਛੋਟੀਆਂ ਸ਼੍ਰੇਣੀਆਂ ਦੇ ਵਿਅਕਤੀ, ਮਧ-ਪਰਿਵਾਰ ਤੇ ਕੁਲੀਨ ਪਰਿਵਾਰਾਂ ਦੇ ਵਿਅਕਤੀ,ਇਨ੍ਹਾਂ ਅਖਾੜਿਆਂ ਵਿਚ ਕਸਰਤ ਕਰਦੇ ਤੇ ਆਪਣੇ ਸਰੀਰ ਦੀ ਦੇਖਭਾਲ ਕਰਦੇ ਵੇਖੇ ਜਾਂਦੇ ਸਨ। ਇਹ ਲੋਕ ਆਪਣੇ ਆਪ ਨੂੰ ਨੌਕਰੀਆਂ ਲਈ ਤਿਆਰ ਕਰਦੇ ਸਨ। ਫੌਜੀ,ਸਿਪਾਹੀ,ਗਾਰਡ ਤੇ ਹੋਰ ਮੰਨ ਪਸੰਦ ਨੌਕਰੀਆਂ ਲਈ,ਤੇ ਸਵੈ ਮਾਣ ਲਈ ਸਿਰੜ ਨਾਲ ਕਸਰਤ ਕਰਦੇ ਸਨ। ਇਨ੍ਹਾਂ ਵਿਚੋਂ ਕਈ ਵਖੋ ਵਖਰੇ ਰਾਜਿਆਂ ਨਾਲ, ਜਗੀਰਦਾਰਾਂ  ਤੇ ਦਿਲੀ ਦੇ ਸੁਲਤਾਨਾਂ ਨਾਲ ਜੁੜ ਗਏ। 1814 ਦੇ ਇਰਦ ਗਿਰਦ ਬ੍ਰਿਟਿਸ਼ ਫੌਜ  ਵਿਚ ਵੀ ਬਹੁਤ ਸਾਰੇ ਭਾਰਤੀ ਸਨ ਜਿਨ੍ਹਾਂ ਨੂੰ  ਪਹਿਲਵਾਨ ਸਾਹਬ ਕਹਿ ਕੇ ਬੁਲਾਇਆ ਜਾਂਦਾ ਸੀ।
ਉਸ ਸਮੇਂ ਜਿਹੜੇ ਬ੍ਰਿਟਿਸ਼ ਦੇ ਸੈਨਿਕ ਬਣਦੇ ਸਨ,ਉਹ ਇੱਕਲੇ ਪੰਜਾਬੀ,ਉਜੈਨੀ ਤੇ ਬੁੰਦੇਲੇ ਹੀ ਨਹੀ ਹੁੰਦੇ ਸਨ ਬਲਕਿ ਛੋਟੀਆਂ ਸ਼੍ਰੇਣੀਆਂ ਆਜੜੀ ਕਬੀਲਿਆਂ ਦੇ ਵੀ ਹੁੰਦੇ ਸਨ। ਐਸੀ ਹੀ ਇਕ ਜਮਾਤ ਬਹੇਲਿਆ ਦੀ ਸੀ ਜਿਹੜੀ ਬ੍ਰਿਟਿਸ਼ ਦੇ ਸੈਨਿਕ ਦਲ ਵਿਚ ਸ਼ਾਮਲ ਸੀ।ਜਿਨ੍ਹਾਂ ਨੇ ਚੌਧਵੀਂ ਸਦੀ ਦੌਰਾਨ,ਮੁੰਹਮਦ ਬਿਨ ਤੁਗਲਕ ਦੇ ਰਾਜ ਵੇਲੇ ਬਹੁਤ ਹੀ ਉਲੇਖ ਪੂਰਨ ਰੋਲ ਨਿਭਾਇਆ ਸੀ।ਉਦੋਂ ਤੋਂ ਉਹ ਚਨੌਰ ਤੇ ਬਨਾਰਸ ਵਿਚਕਾਰ ਗੰਗਾ ਤੱਟ ਤੇ ਘਣੇ ਤੌਰ ਤੇ ਵਸੇ ਹੋਏ ਸਨ। ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਭਰਤੀ ਕੀਤਾ  ਜਾਂਦਾ ਸੀ ਤੇ ਕਈਆਂ ਨੂੰ ਸਤਾਈ,ਸਤਾਈ ਪਿੰਡਾਂ ਦੀ ਜਗੀਰਦਾਰੀ ਤੋਹਫੇ ਵਜੋਂ ਮਿਲੀ ਹੋਈ ਸੀ।ਵਿਲੀਅਮ ਕਰੂਕ ਆਪਣੀ ਕਿਤਾਬ ਜ਼ਰੀਏ ਦਸਦਾ ਹੈ ਕਿ ਅਕਬਰ ਦੇ ਗਾਰਡਾਂ ਵਜੋਂ ਜਿਹੜੇ ਨਿਯੁਕਤ ਹੋਏ ਉਨ੍ਹਾਂ ਦਿ ਬਹੁ ਗਿਣਤੀ ਬਹੇਲਿਆ ਵਿਚੋਂ ਹੀ ਸੀ ਤੇ ਉਨ੍ਹਾਂ ਦੇ ਕਮਾਂਡਰ ਨੂੰ ਹਜ਼ਾਰੀ ਕਿਹਾ ਜਾਂਦਾ ਸੀ। ਜਦੋਂ  ਬ੍ਰਿਟਿਸ਼ ਨੇ ਮੁਗਲਾਂ ਦੇ ਰਾਜ ਤੇ ਕਬਜਾ ਕੀਤਾ ਤਾਂ ਇਨ੍ਹਾਂ ਵਿਚੋਂ ਬਹੁਤਿਆਂ ਨੇ ਬ੍ਰਿਟਿਸ਼ ਫੌਜ਼  ਵਿਚ ਸ਼ਮੂਲੀਅਤ ਕਰ ਲਈ ਸੀ। ਬਹੇਲਿਆ ਵਾਂਗ ਹੀ ਪੈਸਿਸ (Pasis) ਦੀ ਗਿਣਤੀ ਵੀ ਲਗਭਬ ਬਾਰ੍ਹਾਂ ਲੱਖ ਦੇ ਕਰੀਬ ਸੀ ਤੇ ਉਨ੍ਹਾ ਦੀ ਪਛਾਣ ਵੀ, ਹੌਂਸਲੇ ਵਾਲੇ, ਬਹਾਦਰ ਤੇ ਸੂਰਬੀਰ ਕੌਮ ਵਜੋਂ ਹੁੰਦੀ ਸੀ। ਈਸਟ ਇੰਡੀਆ ਕੰਪਨੀ ਦੇ ਕਾਨੂੰਨ,ਨਿਯਮ ਤੇ ਵਿਵਸਥਾ ਨੂੰ ਛਡ,ਉਨ੍ਹਾਂ ਨੇ ਆਪਣੇ ਕੰਮ ਜਿਵੇਂ ਵੈਲਡਿੰਗ, ਚੌੰਕੀਦਾਰਾ, ਤੇ ਜਗੀਰਦਾਰਾਂ ਤੇ ਸਥਾਨਿਕ ਰਾਜਿਆਂ ਦੇ ਗਾਰਡ ਬਣਨ ਨੂੰ ਤਰਜੀਹ ਦਿੱਤੀ। ਆਪਣੇ ਕਾਰਨਾਮਿਆਂ ਨਾਲ ਉਨ੍ਹਾਂ ਨੇ ਸੂਰਬੀਰ ਤੇ ਬਹਾਦਰ ਕੌਮ ਵਜੋਂ  ਨਾਮਣਾ ਖਟਿਆ। ਬਗਾਵਤ,ਤੇ ਗਦਰ ਦੌਰਾਨ ਇਤਿਹਾਸਕਾਰ ਸਲੀਮੈਂਨ ਨੇ  ਜੋ ਅਖੀਂ ਵੇਖਿਆ ਉਸਦਾ ਜਿਕ਼ਰ ਕਰਦਾ ਕਹਿੰਦਾ ਹੈ ਕਿ ਪੈਸਿਸ ਇਸ ਬਗਾਵਤ ਵਿਚ ਬਹਾਦਰੀ ਦੇ ਚਿੰਨ੍ਹ ਸਨ। ਬਹੁਤਿਆਂ ਨੇ ਆਪਣੀ ਹੀ ਫੌਜ ਬਣਾ ਲਈ ਸੀ ਤੇ ਡਾਕੇ ਮਾਰਕੇ ਤੇ ਛੋਟੇ ਰਾਜਿਆਂ ਨਾਲ ਇਕਰਾਰਨਾਮੇ ਕਰਕੇ ਆਪਣੀ ਬਹੁਤ ਜਾਇਦਾਦ ਤੇ ਜ਼ਮੀਨ ਹਥਿਆ ਲਈ ਸੀ। ਇਸਤੋਂ ਪਹਿਲਾਂ ਵੀ 1678 ਦੌਰਾਨ ਬੁੰਦੇਲਖੰਡ ਦੇ ਰਾਜੇ ਛਤਰਸਾਲ ਨੇ ਆਪਣੀ ਫੌਜ਼ ਵਿਚ ਉੱਚੀਆਂ ਜਾਤਾਂ ਜਿਵੇਂ;ਰਾਜਪੂਤ, ਬਰਾਹਮਣ ਤੇ ਬਾਣੀਏ ਦੇ ਨਾਲ ਨਾਲ ਛੋਟੀਆਂ ਜਾਤਾਂ ਜਿਵੇਂ;-ਛਿਪੀ, ਰੰਗਰੇਜ਼,ਛੋਟੀਆਂ ਜਾਤਾਂ ਦੇ ਮੁਸਲਮਾਨ ਤੇ ਅਹੀਰ ਕੌਮਾਂ ਦੀ ਬਹੁਤ ਵਡੀ ਗਿਣਤੀ ਸੀ। ਇਸਤਰ੍ਹਾਂ ਅਸੀਂ ਦੇਖਦੇ ਹਾਂ ਕਿ ਫੌਜ ਦੀ ਨੌਕਰੀ ਬੜੀ ਇਜ਼ਤ ਵਾਲੀ ਬਣ ਗਈ ਸੀ। ਜਿਵੇਂ ਰਾਜਪੂਤਾਂ ਨੇ ਹੌਲੀ ਹੌਲੀ ਇਹ ਮਾਣ ਹਾਸਲ ਕੀਤਾ ਸੀ ਇਸੇਤਰ੍ਹਾਂ ਹੀ ਦਲਿਤ  ਜਿਵੇਂ ਕੋਰੀ, ਪਾਸੀ,ਮੁਸ਼ਾਹਰ ਆਦਿ ਨੇ ਵੀ ਇਹੋ ਰਸਤੇ ਚਲਕੇ ਆਪਣੇ ਸਮੁਦਾਇਆਂ ਦਾ ਨਾਮ ਬਹਾਦਰ ਕੌਮਾਂ ਵਿਚ ਸ਼ੁਮਾਰ ਕਰਵਾਇਆ।
ਭਾਵੇਂ ਇਹ ਪੱਕਾ ਪਤਾ ਕਰਨਾ ਕਿ ਕਿਹੜੀ ਕੌਮ ਕਦੋਂ ਹੋਂਦ ਵਿਚ ਆਈ ਪਰ ਫਿਰ ਵੀ ਬਹੁਤ ਸਾਰੇ ਲੋਕ-ਗੀਤ ਲੋਕ-ਕਹਾਣੀਆਂ ਦਲਿਤਾਂ ਬਾਰੇ ਇਹ ਸੂਹ ਦਿੰਦੀਆਂ ਹਨ ਕਿ ਉਹ ਸੂਰਵੀਰ ਸਨ। ਇਨ੍ਹਾਂ ਲੋਕ-ਕਹਾਣੀਆਂ ਵਿਚ ਚੂਹੜਮਲ ਤੇ ਸਾਹਲੇਸ ਜੋ ਦੁਸਾਧਸ ਸਨ। ਦੀਨਾ ਭਾਦਰੀ ਜੋ ਮੁਸ਼ਾਹਰਸ ਦਾ ਸੀ ਦੀ ਲੋਕ-ਕਹਾਣੀ ਵੀ ਪਰਚਲਤ ਰਹੀ ਹੈ। ਇਨ੍ਹਾਂ ਤੋਂ ਇਹ ਸੂਹ ਤੇ ਮਿਲ ਹੀ ਜਾਂਦੀ ਹੈ ਕਿ ਦਲਿਤ ਜਾਤਾਂ ਦਾ ਸਮੂਹਿਕ ਤੌਰ ਤੇ ਉੱਪਰ ਉੱਠਣ ਦਾ ਉਪਰਾਲਾ ਤੇ ਚੰਗੀਆਂ ਕਦਰਾਂ ਕੀਮਤਾਂ ਦੀ ਕਮਾਈ, ਉਨ੍ਹਾ ਦੀ ਬਹਾਦਰੀ ਦਾ ਪ੍ਰਤੀਕ ਹੈ। ਜੇ ਇਹ ਸਾਰੀ ਗਲਬਾਤ ਠੀਕ ਹੈ ਤਾਂ ਇਹ ਮੰਨਣਾ ਮੁਸ਼ਕਲ ਹੋ ਜਾਂਦਾ ਹੈ ਕਿ ਸਾਰੇ ਦਲਿਤਾਂ ਦਾ ਸ਼ੋਸ਼ਣ ਹੋਇਆ ਤੇ ਉਹ ਆਪਣੇ ਮਾਲਕਾਂ ਦੇ ਦੁੱਮ ਛਲੇ ਸਨ। ਇਹ ਕੁਝ ਐਸੇ ਵਰਤਾਰੇ ਵੀ ਸਨ ਜਿੱਥੇ ਜੁਲਮ ਤੇ ਹਿੰਸਾ ਨਾਲ ਉਨ੍ਹਾਂ ਨੂੰ ਉਹ ਕਰਨ ਲਈ ਮਜ਼ਬੂਰ ਕਰ ਗਿਆ ਜੋ ਬਾਦ ਵਿਚ ਪ੍ਰਚਾਰਿਆ ਗਿਆ। ਅਸਲ ਗੱਲ ਤਾਂ ਆਰਥਿਕਤਾ ਨਾਲ ਸਬੰਧਿਤ ਹੈ,ਜਿਸਨੂੰ ਉਸ ਵੇਲੇ ਦੇ ਕੁਲੀਨਾਂ ਨੇ ਆਪਣੇ ਝੂਠੇ ਗਿਆਨ ਦੀਆਂ ਪੰਡਾ ਖਿਲਾਰਕੇ ਇੱਕ ਸਿਸਟਮ ਸਿਰਜ ਲਿਆ ਜੋ ਉਨ੍ਹਾਂ ਦੇ ਹੱਕ ਵਿਚ ਭੁਗਤਦਾ ਸੀ। ਇਹ ਵੀ ਸੱਚ ਹੈ ਕਿ ਬਹਾਦਰੀ ਦਾ ਪ੍ਰਤੀਕ  ਸਾਰੀ ਦਲਿਤ ਜਮਾਤ ਨਹੀ ਬਣ ਸਕੀ ਪਰ ਇਹ ਵੀ ਝੁਠਲਾਇਆ ਨਹੀ ਜਾ ਸਕਦਾ ਕਿ ਸ਼ੋਸ਼ਣ ਤੇ ਸਮਾਜਿਕ ਸਿਸਟਮ ਦੀ ਨਾਬਰਾਬਰੀ ਤੇ ਉਸਦੇ ਗੁੱਝੇ ਕਾਰਣ ਹਮੇਸ਼ਾਂ ਹੀ ਅਗਰਭੂਮੀ ਵਿਚ ਰਹੇ। ਰੋਸ ਵੀ ਜ਼ਾਹਰ ਹੁੰਦਾ ਰਿਹਾ।ਇੱਥੇ ਇਹ ਵੀ ਸਾਫ ਕਰ ਦੇਣਾ ਚਾਹੀਦਾ ਹੈ ਕਿ ਨੌਕਰੀ ਕਰਨ ਤੇ ਨੌਕਰ ਬਣਨ ਦਾ ਵਿਚਾਰ, ਅੱਜ ਦੀ ਤਰੀਕ ਵਿਚ ਉਸ ਵੇਲੇ ਦੇ ਰੂਪ ਵਿਚ ਨਹੀ ਹੈ। ਹੌਲੀ ਹੌਲੀ, ਨੌਕਰੀ ਪੇਸ਼ਾ ਦਾ ਕਸਬ ਹਰਮੰਨ ਪਿਆਰਾ ਤੇ ਇਜ਼ਤ ਵਾਲਾ ਬਣ ਗਿਆ, ਜਿਸਦਾ ਇੱਕ ਹੀ ਮਤਲਬ ਹੈ ਕਿ ਆਪਣੇ ਪਰਿਵਾਰ ਦੀ ਆਮਦਨ  ਦਾ ਜ਼ਰੀਆ ਬਣਨਾ ਹੈ। ਲੋਕ-ਗੀਤ ਇਸਦੀ ਪੁਸ਼ਟੀ ਕਰਦੇ ਹਨ। ਕੁਝ ਧਾਰਨਾਵਾਂ ਖਤਮ ਹੋ ਰਹੀਆਂ ਹਨ। ਜਿਵੇਂ ਇੱਕ ਮੁਹਾਵਰਾ ਹੀ ਬਣ ਗਿਆ ਹੈ:–ਉੱਤਮ ਖੇਤੀ, ਮੱਧਮ ਬਾਨ,ਨਿਰਵਾਦ ਚਾਕਰੀ,ਭੀਖ ਨਿਧਾਨ।
1857 ਦੇ ਸਮੇਂ ਦੌਰਾਨ ਹੀ ਦਲਿਤਾਂ ਵਿਚ ਸਿਖਿਆ ਲੈਣ ਦੀ ਖਾਹਸ਼ ਪ੍ਰਬਲ ਹੋਈ ਦਿਸਦੀ ਹੈ। ਇਸ ਪ੍ਰਸੰਗ ਨੂੰ  ਨਾਪਣ ਲਈ ਸਾਨੂੰ ਵਿਲੀਅਮ ਐਡਮਜ਼ ਦੀਆਂ ਲਿਖਤਾਂ ਘੋਖਣੀਆਂ ਪੈਣਗੀਆਂ।ਉਸਦੀ ਡੂੰਘੀ ਨਜ਼ਰ 1837-1838 ਦੇ ਸਮੇ ਵਿਚਾਲੇ ਬਿਹਾਰ ਦੀ ਸਿਖਿਆ ਪ੍ਰਣਾਲੀ  ਨੂੰ ਅਧਾਰ ਮੰਨਕੇ ਦੇਖਦੀ ਹੈ। ਪੱਛਮੀ ਬਿਹਾਰ ਵਿਚ ਬਹੁਤ ਸਾਰੇ ਸਕੂ਼ਲ ਸਨ ਜਿੱਥੇ ਦਲਿਤ ਸਿਖਿਆ ਗ੍ਰਹਿਣ ਕਰ ਰਹੇ ਸਨ।ਦਲਿਤ ਵਿਦਿਆਰਥੀਆਂ ਤੋਂ ਇਲਾਵਾ,ਇਨ੍ਹਾਂ ਸਕੂਲਾਂ ਦੇ ਬਹੁਤ ਸਾਰੇ ਅਧਿਆਪਕ ਜਨ ਵੀ ਦਲਿਤ ਸਨ। ਇਸ ਤੋਂ ਇਲਾਵਾ ਕਾਨਪੁਰ ਵਿਚ ਬਹੁਤ ਸਾਰੇ ਮੁਫਤ ਵਿਦਿਆ ਦੇਣ ਵਾਲੇ ਸਕੂ਼ਲ ਵੀ ਸਨ ਜਿਨ੍ਹਾਂ ਦੇ ਬਹੁਤ ਸਾਰੇ ਵਿਦਿਆਰਥੀ ਦਲਿਤ ਸਨ।ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਵਿਦਿਆਰਥੀ ਜ਼ਰੂਰ ਹੀ ਖੁਲੀ ਚੇਤਨਾ ਨਾਲ ਪਰਨਾਏ ਹੋਣਗੇ,ਜਿਨ੍ਹਾਂ ਨੇ ਵਿਕਾਸ ਕਰ ਰਹੇ ਸਮਾਜਿਕ ਤੇ ਰਾਜਨੀਤਕ ਤੰਤਰ ਵਿਚ ਵਡਾ ਹਿੱਸਾ ਪਾਇਆ ਹੋਵੇਗਾ। ਇਹੋ ਜਿਹੇ ਹਾਲਾਤਾਂ ਵਿਚ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਲਿਤ ਸਿਰਫ ਵਡੀ ਜਗੀਰਦਾਰੀ  ਦੇ ਜਾਤੀ ਨੌਕਰ ਹੀ ਨਹੀ ਸਨ ਬਲਕਿ 1857 ਦੇ ਗਦਰ ਵਿਚ ਬਰਾਬਰ ਦੀ ਧਿਰ ਸਨ।
ਇਕ ਮਿੰਟ ਲਈ ਜੇ ਮੰਨ ਵੀ ਲਿਆ ਜਾਵੇ ਕਿ ਬੰਗਾਲ ਆਰਮੀ ਵਿਚ ਬਹੁਤੇ ਬਰਾਹਮਣ ਤੇ ਖਤਰੀ ਸਨ ਫਿਰ ਵੀ ਕਈ ਨੌਕਰੀਆਂ ਜਿਵੇਂ ਝਾੜੂ ਲਾਉਂਣਾ, ਮੋਚੀ, ਲਾਂਗਰੀ ਤੇ ਬਹਿਰੇ, ਦਰਜ਼ੀ, ਧੋਬੀ, ਬੈਡ ਵਜਾਉਂਣ ਵਾਲਿਆਂ ਦੀ ਇੱਕ ਵਡੀ ਗਿਣਤੀ ਬਣਦੀ ਹੈ ਜੋ ਛੋਟੀਆਂ ਜਾਤਾਂ ਵਾਲੇ ਕਰਦੇ ਸਨ ਕਿਉਂਕਿ ਇਹ ਕੰਮ ਜਾਤੀ ਅਧਾਰਿਤ ਸਨ। ਇਹ ਸਾਰੇ ਵੀ ਸੈਨਿਕ ਹੀ ਸਨ। ਉਦਾਹਰਣ ਦੇ ਤੌਰ ਤੇ ਦਲਿਤ ਮਾਤਾ ਦੀਨ ਦੀ ਗੱਲ ਕਰ ਲਵੋ ਜੋ ਇਸ ਬਗਾਵਤ ਦਾ ਜਨਮ ਦਾਤਾ ਮੰਨਿਆ ਜਾ ਸਕਦਾ ਹੈ ਜਿਸਨੇ ਮੰਗਲ ਪਾਂਡੇ ਨੂੰ ਹੱਲਾਸ਼ੇਰੀ ਦਿੱਤੀ।ਇਹ ਬੰਗਾਲ ਆਰਮੀ ਵਿਚ ਭੰਗੀ ਦਾ ਕੰਮ ਕਰਦਾ ਸੀ।
ਬ੍ਰਿਟਿਸ਼ ਆਰਮੀ ਦੀ ਪਹਿਲੀ ਛਾਉਣੀ ਕਾਨਪੁਰ ਵਿਚਲੀ ਜੂਹੀ ਸੀ।ਇਸ ਛਾਉਣੀ ਦੀ ਬਹੁਤੀ ਜ਼ਮੀਂਨ ਰਾਣੀ ਕੁੰਵਰੀ ਦੀ ਸੀ ਤੇ ਬਾਕੀ ਜ਼ਮੀਂਨ ਦਲਿਤਾਂ ਦੀ ਸੀ।ਇਹ ਦਲਿਤ ਵਡੇ ਘਰਾਂ ਵਿਚ ਰਹਿੰਦੇ ਸਨ ਤੇ ਇਨ੍ਹਾਂ ਦੇ ਆਪਣੇ ਪਿੰਡ ਤੇ ਆਪਣੇ ਖੇਤ ਸਨ। ਇਕ ਮੰਦਿਰ ਜਿਸਨੂੰ ਸਾਂਵਲਦਾਸ ਦਾ ਮੰਦਿਰ ਕਿਹਾ ਜਾਂਦਾ ਹੈ,ਉਹ ਅਜੇ ਵੀ ਜੂਹੀ ਵਿਚ ਹੈ ਤੇ ਉੱਥੇ ਇੱਕ ਘਾਟ ਵੀ ਹੈ ਜੋ ਜਿਉਰਾ ਦੇ ਕੋਲ ਹੈ ਜਿਸਨੂੰ ਸ਼ਾਵਲਦਾਸ ਘਾਟ ਕਿਹਾ ਜਾਂਦਾ ਹੈ। ਸਾਂਵਲਦਾਸ ਕਾਨਪੁਰ ਦਾ ਇਕ ਮੰਨ ਪ੍ਰਮੰਨਿਆ ਸ਼ਹਿਰੀ ਸੀ ਜਿਸ ਕੋਲ ਚੋਦਾਂ ਘੋੜਿਆ ਨਾਲ ਖਿਚੀ ਜਾਂਦੀ ਬੱਘੀ ਸੀ। ਉਸ ਕੋਲ ਬਹੁਤ ਸਾਰੇ ਬੰਗਲੇ ਸਨ,ਜਿਨ੍ਹਾਂ ਵਿਚੋਂ ਅਜੇ ਵੀ ਕਾਨਪੁਰ ਵਿਚ ਹਨ।

1857ਦੇ ਗਦਰ ਨੂੰ ਦੁਬਾਰਾ ਵਾਚਣਾ:- ਸਮਕਾਲੀਨ ਬਿਰਤਾਂਤਕਾਰਾਂ ਦੀ ਜ਼ਬਾਨੀ ਦਲਿਤਾਂ ਦੀ ਸ਼ਮੂਲੀਅਤ
———————————————————————————–

ਅਖੀਰਲੇ ਮੁਗਲ ਬਾਦਸ਼ਾਹ ਦੇ ਕਾਲ ਦੌਰਾਨ, ਪਹਾੜਗੰਜ ਦਿਲੀ ਦੇ ਠਾਣੇ ਦਾ ਕੋਤਵਾਲ ਕੁਲੀਨ ਪਰਿਵਾਰ ਦਾ ਮੁਸਲਿਮ ਜਿਸਦਾ ਨਾਮ ਮੋਇਨਦੀਨ ਹਸਨ ਸੀ।ਮੋਇਨਦੀਨ ਹਸਨ ਨੇ ਸਰ ਥਿਉਫਲਿਸ ਜੌਨ ਮੈਟਕਾਲਫ ਦੀ ਗਦਰ ਦੇ ਦੰਗਿਆਂ ਵਿਚ ਜਾਨ ਬਚਾਈ ਤੇ ਉਹ ਬ੍ਰਿਟਿਸ਼ ਹਕੂਮਤ ਦਾ ਹਮਦਰਦ ਸੀ। ਸਰ ਮੈਟਕਲਫ ਦੇ ਹਵਾਲੇ ਨਾਲ, ਉਸਨੇ ਘਟਨਾਵਾਂ ਦਾ ਆਪਣਾ ਹੀ ਬਿਆਨ ਕਲਮਬੰਦ ਕੀਤਾ ਤੇ ਇੱਕ  ਕਿਤਾਬ ਲਿਖੀ ‘ਖਾਂਡਗੇ-ਗਦਰ’। ਇਹ ਕਿਤਾਬ ਬੁਨਿਆਦੀ ਤੌਰ ਤੇ ਉਰਦੂ ਵਿਚ ਲਿਖੀ ਗਈ ਤੇ ਹੁਣ ਜਿਹੇ ਹੀ ਇਸਦਾ ਹਿੰਦੀ ਵਿਚ ਤਰਜ਼ਮਾ ਹੋਇਆ ਹੈ। ਇਹ ਕਿਤਾਬ ਬਗਾਵਤ ਦੇ ਘਟਨਾ-ਕਰਮ ਤੇ ਰੌਸ਼ਨੀ ਪਾਂਉਂਦੀ ਹੈ ਤੇ ਉਸ ਵਲੋਂ ਲਿਖੀ ਗਈ ਜੋ ਅੰਗਰੇਜ਼ ਸਰਕਾਰ ਦਾ ਹਮਦਰਦ ਤੇ ਇੱਕ ਕੁਲੀਨ ਮੁਸਲਮਾਨ ਸੀ। ਬ੍ਰਿਟਿਸ਼  ਹੁਕਮਰਾਨ ਦਾ ਵਫਾਦਾਰ ਹੁੰਦਿਆਂ ਉਸਦੇ ਬਿਰਤਾਂਤ ਵਿਚ ਉਹ ਇੱਕ ਵਖਰਾ ਪਹਿਲੂ ਪੇਸ਼ ਕਰਦਾ ਪਰਤੀਤ ਹੁੰਦਾ ਹੈ। ਉਹ ਉਨ੍ਹਾਂ ਸਾਰੇ ਵਿਸ਼ਲੇਸ਼ਣਾਂ ਨੂੰ ਰੱਦ ਕਰਦਾ ਹੈ ਜੋ ਆਮ ਇਤਿਹਾਸਕਾਰ ਵਰਤਦੇ ਹਨ,ਜਿਵੇਂ ਗਦਾਰ,ਸਾਜਸ਼ੀ, ਜਾਲਮ ਆਦਿ। ਆਪਣੀ ਅੰਗਰੇਜ਼ ਹਮਦਰਦੀ ਦੇ ਸੰਦਰਭ ਵਿਚ ਉਹ ਲਿਖਦਾ ਹੈ ਕਿ ਬ੍ਰਿਟਿਸ਼,ਸਿਰਫ ਬਗਾਵਤੀਆਂ ਦੀ ਸਾਜ਼ਿਸ ਦਾ ਸ਼ਿਕਾਰ ਬਣੇ।ਪਰ ਜੇ ਅਸੀਂ ਇਸ ਕਿਤਾਬ ਨੂੰ ਦੁਬਾਰਾ ਪੜ੍ਹੀਏ ਤਾਂ ਲਾਇਨਾਂ ਵਿਚਾਲੇ ਪਈ ਸਚਾਈ ਨੂੰ  ਜਾਣ ਸਕਦੇ ਹਾਂ ਜਿਸਦੇ ਪੁਖਤਾ ਸਬੂਤ ਕਿਤਾਬ ਵਿਚ ਹੀ ਮੌਜੂਦ ਹਨ ਤੇ ਉੱਥੋਂ ਹੀ ਦਲਿਤਾਂ ਦੀ ਇਸ ਬਗਾਵਤ ਵਿਚ ਨਿਭਾਈ ਭੁਮਿਕਾ ਦਾ ਪਤਾ ਲਗਦਾ ਹੈ। ਭਾਵੇਂ ਲੇਖਕ ਨੇ ਬਹੁਤ ਸਾਰੇ ਅਪਮਾਨਜਨਕ ਵਿਸ਼ੇਸ਼ਣ ਦਲਿਤਾਂ ਲਈ ਵਰਤੇ ਹਨ ਪਰ ਇਹ ਸਾਫ ਹੋ ਜਾਂਦਾ ਹੈ ਕਿ ਦਲਿਤਾਂ ਦਾ ਬਗਾਵਤ ਵਿਚ ਸਰਗਰਮ ਹਿੱਸਾ ਸੀ। ਕਈ ਜਗ੍ਹਾ ਉਸਨੇ ਬਗਾਵਤੀਆਂ ਦਾ ਤ੍ਰਿਸਕਾਰ ਕਰਨ ਲਈ ਸ਼ਬਦ ‘ਚਮਾਰ’ ਵਰਤਿਆ ਹੈ।
ਇੱਕ ਜਗ੍ਹਾ ਉਹ ਲਿਖਦਾ ਹੈ ਕਿ ਜਦੋਂ ਨਵਾਬ ਮਿਰਜ਼ਾ ਸਾਹਬ ਤੇ ਬਗਾਵਤੀਆਂ ਨੇ ਰਕਮ ਦੇਣ ਲਈ ਜੋਰ ਪਾਇਆ ਤਾਂ ਜੋ ਆਰ ਪਾਰ ਦੀ ਲੜਾਈ ਲੜੀ ਜਾ ਸਕੇ ਤਾਂ ਉਸਨੇ ਮੂੰਹ ਤੋੜ ਜਵਾਬ ਦਿੰਦਿਆਂ ਕਿਹਾ, “ਹੁਣ ਤੁਸੀਂ ਚਮਾਰ ਇਤਨੇ ਚਾਂਬਲ ਗਏ ਹੋ ਕਿ ਤੁਸੀਂ ਸਾਡੇ ਸਿਰ ਤੇ ਬੈਠਣ ਲੱਗ ਪਏ ਹੋ।”(ਅਬ ਤੁਮ ਚਮਾਰੋਂ ਕਾ ਯੇਹ  ਸਤਰ ਕਿ ਹਮ ਪਰ ਧੌਂਸ ਜਮਾਤੇ ਹੋ।) ਇਹ ਆਪਣੀ ਗੱਲ ਕਹਿੰਦਿਆਂ ਲੇਖਕ ਨੇ ਕਈ ਗੱਲਾਂ ਤੇ ਜੋਰ ਦਿੰਦਿਆਂ ਦਲਿਤਾਂ ਨੂੰ ਛੋਟੀ ਜਮਾਤ ਦਰਸਾਉਂਦਿਆਂ ਛੋਟੀ ਜਾਤੀ ਕਿਹਾ। ਇਸੇਤਰ੍ਹਾਂ ਇਲਾਹਾਬਾਦ ਜਾਂ ਪਰਿਆਗ ਦੀ ਬਗਾਵਤ ਦਾ ਜ਼ਿਕਰ ਕਰਦਿਆਂ ਉਹ ਕਹਿੰਦਾ ਹੈ, “ਛਾਉਣੀ ਦੀ ਮਸਜਿਦ ਵਿਚ ਮੌਲਵੀ ਲਿਆਕਤ ਅਲੀ ਰਹਿੰਦਾ ਸੀ।ਉਸਦੇ ਬਹੁਤ ਸ਼ਰਧਾਲੂ ਸਨ,ਬਹੁਤ ਸਾਰੇ ਲੋਕ ਉਸਨੂੰ ਸੁਣਦੇ ਸਨ। ਉਸਨੇ ਹਰੇ ਰੰਗ ਦਾ ਝੰਡਾ ਸੀ          ਤਾ ਤੇ ਉਸਦਾ ਨਾਮ ਮੁੰਹਮਦੀ ਝੰਡਾ ਰਖਿਆ। ਉਸਨੇ ਇਸਨੂੰ ਆਪਣਾ ਰਾਜ ਝੰਡਾ ਦਸਦਿਆਂ ਆਪਣੇ ਸਾਰੇ ਸ਼ਰਧਾਲੂਆਂ ਨੂੰ ਜਹਾਦ ਲਈ ਵੰਗਾਰਿਆ। ਉਸਨੇ ਆਪਣੇ ਆਪ ਨੂੰ ਖਲੀਫਾ ਘੋਸ਼ਿਤ ਕਰ ਦਿੱਤਾ। ਉਸਦੀ ਪੁਕਾਰ ਤੇ ਬਹੁਤ ਵਡੀ ਗਿਣਤੀ ਵਿਚ ਜੁਲਾਹੇ,ਭਟਿਆਰੇ,ਕੁੰਜਰ, ਤੇਲੀ, ਨਾਈ,ਕਸੰਬੀ ਮੁਫਤਖੋਰ ਤੇ ਲੁਟੇਰੇ ਇੱਕਠੇ ਹੋ ਗਏ। ਸਾਰੇ ਬ੍ਰਿਟਿਸ਼ ਤੇ ਸਿੱਖ ਫੌਜੀ ਕਿਲ੍ਹੇ ਵਿਚ ਬੰਦੀ ਬਣਾ ਲਏ ਗਏ।ਅਲਾਹਾਬਾਦ ਤੇ ਇਸਦੇ ਨਾਲ ਲਗਦੇ ਇਲਾਕਿਆਂ ਤੇ ਮੋਲਵੀ ਦਾ ਰਾਜ ਹੋ ਗਿਆ।
ਇਸ ਬਿਰਤਾਂਤਕਾਰ ਤੋਂ ਇਹ ਗੱਲ ਤੇ ਸਪਸ਼ਟ ਹੋ ਜਾਂਦੀ ਹੈ ਕਿ ਦਲਿਤਾਂ ਦੀ ਗੌਲਣਯੋਗ ਗਿਣਤੀ ਨੇ ਇਸ ਬਗਾਵਤ ਵਿਚ ਹਿੱਸਾ ਲਿਆ ਜੋ ਬ੍ਰਿਟਿਸ਼ ਦੇ ਵਿਰੋਧ ਵਿਚ ਸੀ। ਮਾਇਨੂਦੀਨ ਹਸਨ ਅੱਗੇ ਲਿਖਦਾ ਹੈ, “ਮੌਲਵੀ ਸਾਹਿਬ ਨੇ ਆਪਣਾ ਅੱਡਾ ਸੁਲਤਾਨ-ਖੁਸਰੋਬਾਗ ਤੋਂ ਸ਼ੁਰੂ ਕੀਤਾ। ਹਰ ਰੋਜ਼ ਉਹ ਹੁਕਮ ਕਰਦਾ ਤੇ ਜੁਲਾਹੇ ਤੇ ਕੁੰਜਰੇ ਕਿਲ੍ਹੇ ਨੂੰ ਖਾਲੀ ਕਰਵਾਉਂਣ ਲਈ ਹੱਲਾ ਬੋਲਦੇ।
ਇਸਤੋਂ ਥੋੜਾ ਹੋਰ ਅੱਗੇ ਜਾਕੇ ਮਾਇਨੂਦੀਨ(Muinuddin Hasan) ਲਿਖਦਾ ਹੈ ਕਿ ਬਗਾਵਤੀ ਫੌਜ਼ ਸਾਰੀ ਇਧਰ ਉਧਰ ਖਿਲਰ ਗਈ। ਅਲਾਹਾਬਾਦ ਦਾ ਖਜ਼ਾਨਾ ਲੁਟਣ ਤੋਂ ਬਾਦ, ਕੁਝ ਘਰਾਂ ਨੂੰ ਚਲੇ ਗਏ, ਕੁਝ ਲਖਨਊ ਵੱਲ ਨਿਕਲ ਗਏ ਤੇ ਕੁਝ ਦਿਲੀ ਵਲ ਚਲੇ ਗਏ। ਮੌਲਵੀ ਸਾਹਿਬ ਹੁਣ ਇੱਕ ਐਸੀ ਫੌਜ ਦੇ ਖਲੀਫਾ ਹੀ ਰਹਿ ਗਏ ਜਿਸ ਵਿਚ ਸਿਰਫ ਕੁੰਜਰ, ਕੈਸੀਜ਼, ਜੁਲਾਹੇ ਤੇ ਨਾਈ ਹੀ ਰਹਿ ਗਏ ਸਨ।ਇਨ੍ਹਾਂ ਵਿਚੋਂ  ਸਾਰੇ ਆਪਣੇ ਆਪ ਨੂੰ ਰੁਸਤਮ ਸਮਝ ਰਹੇ ਸਨ। ਜੇ ਅਸੀਂ ਹਸਨ ਦੀ ਲਿਖੀ ਹੋਈ ਨਿਰਾਦਰੀ ਭਰੀ ਇਬਾਰਤ ਵੀ ਵੇਖੀਏ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਮੌਲਵੀ ਦੀ ਫੌਜ ਵਿਚ ਦਲਿਤ ਭਾਈਚਾਰਾ ਹੀ ਭਾਰੂ ਸੀ।ਭਾਵੇਂ  ਵਡੇ ਖਾਨਦਾਨੀ ਸੂਰਮੇ ਘਰਾਂ ਨੂੰ ਤੁਰ ਗਏ ਜੋ ਹੋਰ ਮਾਲ ਲੁਟਣ ਦੇ ਆਹਰੇ ਲੱਗ ਗਏ ਇਹ ਦਲਿਤ ਜਮਾਤਾਂ ਹੀ ਸਨ ਜੋ ਮੌਲਵੀ ਦੀ ਫੌਜ਼ ਵਿਚ ਰਹੀਆਂ ਤੇ ਉਸਤੋਂ ਬਾਦ ਆਪਣੇ ਆਪ ਨੂੰ ਰੁਸਤਮ ਵੀ ਅਖਵਾਇਆ।

ਅਕਬਰਾਬਾਦ ਘਟਨਾ ਬਾਰੇ ਜ਼ਿਕਰ ਕਰਦਾ ਹਸਨ ਇੱਕ ਸੂਚਨਾ ਬਖਸ਼ਦਾ ਹੈ ਜਿਸ ਵਿਚ ਇਹ ਦਿਸਦਾ ਹੈ ਕਿ ਬਗਾਵਤ ਵਿਚ ਬਹੁਤੇ ਆਦਮੀ ਦਲਿਤਾਂ ਨਾਲ ਸਬੰਧਿਤ ਸਨ ਜੋ ਕਮਾਂਡਰ ਬਣੇ ਹੋਏ ਸਨ। ਉਹ ਲਿਖਦਾ ਹੈ, “ਜਦੋਂ ਇੱਕ ਸੂਬੇਦਾਰ ਜੋ ਦਲਿਤ ਸੀ ਤੇ ਉਹ ਕਮਾਂਡਰ ਸੀ ਉਹ ਰਾਜਪੂਤਾਂ ਨੂੰ ਗਾਲ੍ਹਾਂ ਕਢਦਾ ਸੀ ਜਿਹੜੇ ਬ੍ਰਿਟਿਸ਼ ਸਰਕਾਰ ਦੇ ਹਮਦਰਦ ਸਨ। ਉਨ੍ਹਾਂ ਨੂੰ ਕੂਹਣੀ ਭਾਰ ਲੰਮੇ ਪੈਣ ਨੂੰ ਕਹਿੰਦਾ।ਇੱਕ ਜਵਾਨ ਜਿਸਦਾ ਨਾਮ ਪਾਂਝੀ ਸੀ ਇਸ ਬੇਇਜ਼ਤੀ ਨਾ ਸਹਾਰਦਾ ਹੋਇਆ ਉੱਠਿਆ ਤੇ ਆਪਣੀ ਤਲਵਾਰ ਨਾਲ ਉਸਨੇ ਸੂਬੇਦਾਰ ਦਾ ਗਾਟਾ ਵੱਢ ਦਿੱਤਾ। ਇਹ ਵੇਖਕੇ ਸੂਬੇਦਾਰ ਦੇ ਫੌਜੀਆਂ ਨੇ ਗੋਲੀਆਂ ਚਲਾ ਕੇ ਚਾਲੀ ਰਾਜਪੂਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਸੇ ਹੀ ਤਰ੍ਹਾਂ ਪੜਦਿਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਦਾ ਇਸ ਸੰਦਰਭ ਵਿਚ ਆਪਣਾ ਹੀ ਮਤਲਬ ਨਿਕਲਦਾ ਹੈ ਜੋ ਇਹ ਦਸਦਾ ਹੈ ਕਿ ਦਲਿਤ ਬਗਾਵਤ ਦੌਰਾਨ, ਕਿਤਨੀ ਸਰਗਰਮ ਭੁਮਿਕਾ ਨਿਭਾ ਰਹੇ ਸਨ। ਹਸਨ ਨੇ ਛੋਟੀਆਂ  ਜਾਤਾਂ ਦੇ ਨਾਮ ਲੈ ਲੈਕੇ ਉਨ੍ਹਾਂ ਨੂੰ ਛੋਟਾ ਕਰਨ ਦਾ ਯਤਨ ਕੀਤਾ ਪਰ ਨਤੀਜਾ ਉਲਟ ਨਿਕਲਦਾ ਦਿਖਾਈ ਦਿੰਦਾ ਹੈ। ਨਤੀਜਾ ਇਹੋ ਨਿਕਲਦਾ ਹੈ ਕਿ ਦਲਿਤਾਂ ਦੀ ਭੁਮਿਕਾ ਛੁਪਾਇਆਂ ਵੀ ਨਹੀ ਛੁਪਦੀ। ਇੱਕ ਹੋਰ ਘਟਨਾ ਵੀ ਇਨ੍ਹਾਂ ਹੀ ਨਾੜਾਂ ਰਾਹੀਂ ਪਰਵਾਹ ਕਰਦੀ ਦਿਸਦੀ ਹੈ। ‘ਬਾਂਦਾ ਤੋਂ ਨਵਾਬ ਅਲੀ ਬਹਾਦਰ,ਲਕਸ਼ਮੀ ਬਾਈ ਝਾਂਸੀ ਦੀ ਰਾਣੀ ਨੂੰ ਮਿਲਣ ਲਈ ਕਲਪੀ ਜਾਂਦਾ ਹੈ। ਤਾਂਤੀਆ ਤੋਪੇ ਤੇ ਰਾਉ ਬਦਰੰਗ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸਨ। ਇਸਲਈ ਉਹ ਗਵਾਲੀਅਰ ਲਈ ਰਵਾਨਾ ਹੋ ਗਏ। ਘਮਸਾਨ ਦੀ ਜੰਗ ਤੋਂ ਬਾਦ ਬਗਾਵਤੀਆਂ ਨੇ ਗਵਾਲੀਅਰ ਜਿੱਤ ਲਿਆ। ਜਿੱਤ ਦਾ ਝੰਡਾ ਗੱਡਣ ਤੋਂ ਬਾਦ ਰਾਉ ਸਾਹਿਬ ਨੇ ਨਵੀਂ ਭਰਤੀ ਸ਼ੁਰੂ ਕਰ ਦਿੱਤੀ। ਸਾਰੀਆਂ ਜਾਤਾਂ ਦੇ ਲੋਕਾਂ ਨੇ ਕਤਾਰਾਂ ਲਾ ਲਈਆਂ ਇਨ੍ਹਾਂ ਵਿਚੋਂ ਸਨ;- ਧੁੰਨੀਆ, ਜੁਲਾਹੇ, ਤੇਲੀ, ਤਮੋਲੀ, ਚਮਾਰ ਤੇ ਇਸ ਤਰ੍ਹਾਂ ਦੇ ਕੁਝ ਹੋਰ ਬਿਨ੍ਹਾਂ ਕਿਸੇ ਹਿਚਕਚਾਹਟ ਦੇ ਭਰਤੀ ਹੋ ਰਹੇ ਸਨ ਤੇ ਛੇਤੀ ਹੀ ਵਡੀ ਫੌਜ਼ ਤਿਆਰ ਹੋ ਗਈ।
ਇਹ ਬਿਰਤਾਂਤਕਾਰ ਦਲਿਤਾਂ ਨੂੰ ਘਿਰਣਾ ਨਾਲ ਪੁਕਾਰਦਾ ਵੀ ਇਹ ਦਸ ਰਿਹਾ ਹੈ ਕਿ ਬਗਾਵਤੀਆਂ ਦੀ ਫੌਜ ਵਿਚ ਦਲਿਤਾਂ ਦੀ ਵਡੀ ਗਿਣਤੀ ਸੀ।ਉਸ ਵੇਲੇ ਦਾ ਫੌਜੀ ਅੱਜ ਦੇ ਫੌਜੀ ਨਾਲੋਂ ਵਖਰਾ ਸੀ,ਉਦੋਂ ਦੇ ਫੌਜੀਆਂ ਨਾਲ ਸਮਾਜਿਕ ਰੁਤਬਾ ਤੇ ਸਵੈਮਾਣ ਜੁੜਿਆ ਹੋਇਆ ਸੀ।ਉਹ ਵਕਤ ਨਾਲ ਕਿਸੇ ਵੇਲੇ ਵੀ ਬਦਲ ਸਕਦੇ ਸਨ। ਹਸਨ ਅੱਗੇ ਦਸਦਾ ਹੈ ਕਿ ਤੇਈਵੇਂ ਦਿਨ ਮਹਾਰਾਜਾ ਸਿੰਧੀਆ ਬ੍ਰਿਟਿਸ਼ ਫੌਜ ਦੀ ਮਦਦ ਨਾਲ ਵਾਪਸ ਆ ਗਿਆ। ਨਵੀਂ ਗਠਿਤ ਫੌਜ ਜਿਹੜੀ ਵਿਰੋਧ ਵਾਸਤੇ ਡਟੀ ਹੋਈ ਸੀ, ਬ੍ਰਿਟਿਸ਼ ਫੌਜ਼ ਨੂੰ ਵੇਖਦਿਆਂ ਹੀ ਦੌੜ ਗਈ। ਪੁਰਾਣੀ ਸਦੀਆਂ ਤੋਂ ਚਲੀ ਆ ਰਹੀ ਪਰਥਾ ਹੈ ਕਿ ਮੁਫਤ ਦਾ ਖਾਉ ਕੰਮ ਕਰਨ ਦੀ ਕੀ ਲੋੜ ਹੈ। ਇਨ੍ਹਾਂ ਚਮਾਰਾਂ ਨੂੰ ਭਜਦਿਆਂ ਨੂੰ ਸ਼ਰਮ ਨਹੀ ਆਈ?”

ਇਤਨੀ ਘਟੀਆ ਸ਼ਬਦਾਵਲੀ ਤੇ ਬੇਇਜ਼ਤੀ ਭਰੀਆਂ ਸੂਚਨਾਵਾਂ ਦਾ ਲੰਬਾ ਚੌੜਾ ਚਿੱਠਾ ਜਿਹੜਾ ਲੇਖਕ ਦੀ ਦਿਮਾਗੀ ਸੋਚ ਦਾ ਹਿੱਸਾ ਹੀ ਲਗਦਾ ਹੈ ਪਰ ਉਹ ਜਾਣੇ ਅਨਜਾਣੇ ਇਹ ਤਸਦੀਕ ਵੀ ਕਰ ਗਿਆ ਕਿ ਦਲਿਤਾਂ ਦੀ ਬਗਾਵਤ ਵਿਚਲੀ ਭੁਮਿਕਾ ਕਿਤਨੀ ਮਹਤਵਪੂਰਨ ਸੀ। ਉਸਦੀ ਲੰਮੀ ਲਿਖਤ ਤੋਂ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਉਸ ਵੇਲੇ ਦੋਵੇਂ ਤਰ੍ਹਾਂ ਦੇ ਲੋਕ ਸਨ। ਬ੍ਰਿਟਿਸ਼ ਦੇ ਹਮਦਰਦ ਤੇ ਬ੍ਰਿਟਿਸ਼ ਦੇ ਸਤਾਏ ਹੋਏ,ਕਈ ਜਾਤਾਂ ਨਾਲ ਸਬੰਧਿਤ  ਇਹ ਖਤਰੀ ਵੀ ਸਨ ਤੇ ਮੁਸਲਿਮ ਵੀ।ਇਸਲਈ ਇਸਦਾ ਕੋਈ ਪੱਕਾ ਪਤਾ ਨਹੀ ਚਲਦਾ ਕਿ ਕਿਸੇ ਸਾਰੀ ਦੀ ਸਾਰੀ ਕੌਮ ਨੂੰ ਹੀ ਕਿਸੇ ਇੱਕ ਧਿਰ ਨਾਲ ਤੇ ਇੱਕ ਸੋਚ ਨਾਲ ਨੱਥੀ ਕਰ ਦਿੱਤਾ ਜਾਵੇ।

 ਮੂੰਹ ਜ਼ਬਾਨੀ ਗਾਥਾ:- ਗੰਗੂ ਬਾਬਾ ਦੀ ਕਹਾਣੀ—

ਬਦਰੀ ਨਰਾਇਣ ਆਪ ਹੀ ਕਹਿੰਦੇ ਹਨ, “ਮੇਰੀ ਕਿਤਾਬ ਵਿਚ ਔਰਤਾਂ ਦਾ ਬਹਾਦਰੀ ਵਾਲਾ ਰੋਲ ਤੇ ਦਲਿਤਾਂ ਦਾ ਉੱਤਰੀ ਭਾਰਤ ਵਿਚ ਲੜੀ ਲੜਾਈ ਵਿਚਲਾ ਮੁਲਅੰਕਣ,ਦਿੱਤਾ ਗਿਆ ਹੈ।  ਝਲਕਾਰੀ ਬਾਈ ਤੇ ਉਦੈ ਦੇਵੀ ਔਰਤ ਹੋਣ ਦੇ ਨਾਲ ਨਾਲ ਦਲਿਤ ਵੀ ਸਨ। ਦਲਿਤ ਦੀਆਂ ਮੂੰਹ-ਜ਼ਬਾਨੀ ਗਾਥਾਵਾਂ, ਉਨ੍ਹਾਂ ਦਾ ਸੰਯੁਕਤ ਇਤਿਹਾਸ ਤੇ ਦਲਿਤ ਰਾਜਨੀਤੀ ਇਹ ਸਾਰਾ ਕੁਝ ਉਨ੍ਹਾਂ ਦੀ ਪਹਿਚਾਣ ਵਖਰੀ ਕਰਦਾ ਹੈ। ਇਸੇ ਤੋਂ ਸੇਧ ਲੈਕੇ ਅੱਜ ਦਾ ਦਲਿਤ-ਵਰਗ ਆਪਣੀਆਂ ਸਵੈ ਕ੍ਰਿਤੀਆਂ ਤੇ ਮਾਣ ਮਹਿਸੂਸ ਕਰੇਗਾ। ਨਵੇਂ ਪੜਾਵਾਂ ਦੇ ਨਵੇਂ ਦਿਸਹਿੱਦਿਆਂ ਨੂੰ ਸਮਾਜਿਕ,ਆਰਥਿਕ ਤੇ ਰਾਜਨੀਤਕ ਮਾਪਾਂ ਨਾਲ ਤੋਲਣ ਲਈ ਮਾਸਾ,ਪਾਈ ਵੀ ਪਾਸਕੂ ਬਰਦਾਸ਼ਤ ਨਹੀ ਕੀਤਾ ਜਾਵੇਗਾ। ਹਸਨ ਦੀ ਕਿਤਾਬ ਵਿਚ ਇਹ ਦਰਜ਼ ਹੈ ਕਿ ਝਾਂਸੀ ਦੀ ਰਾਣੀ  ਦੀ ਖਾਸ ਗਾਰਡ ਜਿਸਨੂੰ ਹਸਨ ਉਸਦੀ ਦੋਸਤ ਦਸਦਾ ਹੈ ਤੇ ਜੋ ਝਾਂਸੀ ਦੀ ਰਾਣੀ ਨਾਲ ਮੋਢੇ ਨਾਲ ਮੋਢਾ ਜੋੜਕੇ ਲੜੀ। ਉਹ ਲਕਸ਼ਮੀ ਬਾਈ ਦੇ ਮੁਤਬੰਨੇ ਨੂੰ ਲੈਕੇ ਬੰਦੇਲਖੰਡ ਨਿਕਲ ਗਈ ਤੇ ਉਸ ਨਾਲ ਉਸ ਵਕਤ  ਕੁਤਬਦੀਂਨ ਖਾਨ ਰਸਾਲਦਾਰ ਵੀ ਸੀ। ਮੁਤਬੰਨਾ ਵਡਾ ਹੋਕੇ ਬੰਦੇਲਖੰਡ ਹੀ ਰਹਿੰਣ ਲੱਗਾ। ਹਸਨ ਦੀਆਂ ਇਨ੍ਹਾਂ ਲਾਇਨਾਂ ਵਿਚਲਾ ਸਾਰ ਅੰਸ਼ ਵੀ ਸੇਹਤਮੰਦ ਨਹੀ ਹੈ।

1857 ਦੇ ਗਦਰ ਵਿਚ ਦਲਿਤਾਂ ਦਾ ਰੋਲ
ਭਾਵੇਂ ਸਾਨੂੰ ਪਤਾ ਹੈ ਕਿ ਬਸਤੀਵਾਦ ਸ਼ੁਰੂ ਕਰਨ ਵਾਲੇ ਉਹ ਮੁਨਾਫ਼ਾਖੋਰ ਦੇਸ਼ ਸਨ ਜਿਨ੍ਹਾਂ ਦੀ ਇਹ ਜ਼ਰੂਰਤ ਸੀ ਆਪਣੇ ਨਿੱਜੀ ਹਿੱਤਾਂ ਖਾਤਰ ਤੇ ਉਨ੍ਹਾਂ ਨੇ ਇਸਦੀ ਰੂਪ ਰੇਖਾ ਵੀ ਆਪਣੀ ਸਹੂਲਤ ਅਨੁਸਾਰ ਹੀ ਬਣਾਈ। ਪਰ ਇਨ੍ਹਾਂ  ਦੀ ਪੁਣ ਛਾਣ ਕਰਦਿਆਂ ਸਾਨੂੰ ਇਹ ਪਤਾ ਜ਼ਰੂਰ ਲੱਗ ਜਾਂਦਾ ਹੈ ਕਿ 1857 ਦੇ ਗਦਰ ਵਿਚ ਦਲਿਤਾਂ ਦੀ ਭੁਮਿਕਾ ਕੀ ਸੀ। ਇਹ ਪਤਾ ਲਗਦਾ ਹੈ ਕਿ ਕਿਹੜੇ ਲੋਕਾਂ ਨੂੰ ਫਾਂਸੀ ਤੇ ਚੜ੍ਹਾ ਦਿੱਤਾ ਗਿਆ? ਰਾਸ਼ਟਰੀ ਭਾਰਤੀ ਇਤਿਹਾਸਕਾਰ ਬਿਲਕੁਲ ਹੀ ਦਲਿਤ ਸ਼੍ਰੇਣੀ ਦਾ, ਬਗਾਵਤ ਵਿਚਲਾ ਰੋਲ ਚਿਤਰਣ ਵਿਚ ਅਸਫਲ ਰਹੇ। ਉਦਾਹਰਣ ਦੇ ਤੌਰ ਤੇ ਮਾਤਾਦੀਨ ਦੀ ਸਾਡੇ ਸਾਹਮਣੇ ਹੈ। ਇਹ ਬ੍ਰਿਟਿਸ਼ ਫੌਜ਼ ਵਿਚ ਬੈਰਕਪੁਰ ਵਿਖੇ ਭੰਗੀ ਸੀ।ਦਲਿਤਾਂ ਵਲੋਂ ਇਹ ਦਾਹਵਾ ਕੀਤਾ ਜਾਂਦਾ ਹੈ ਕਿ 1857 ਦੀ ਬਗਾਵਤ ਭੜਕਣ ਵਿਚ ਸਭਤੋਂ ਵਡਾ ਹੱਥ ਮਾਤਾਦੀਨ ਦਾ ਹੀ ਹੈ। ਇਹ ਉਹੋ ਸਖਸ਼ ਸੀ ਜਿਸਨੇ ਮੰਗਲ ਪਾਂਡੇ ਨੂੰ ਰੁਹਾਨੀ ਤੌਰ ਤੇ ਉਸਦੀਆਂ ਧਾਰਮਿਕ ਭਾਵਨਾਵਾਂ ਨੂੰ ਵੇਖਕੇ,ਉਸਦਾ ਸਾਥ ਦਿੱਤਾ ਤੇ ਪਹਿਲਾ ਸ਼ਹੀਦ ਬਣਿਆ।
ਦੂਜੀ ਵਡੀ ਉਦਾਹਰਣ ਗੰਗਾ ਮੇਹਤਰ ਦੀ ਹੈ।ਕਾਨਪੁਰ ਤੇ ਬਿਠੂਰ ਦੇ ਇਲਾਕੇ ਦਾ ਗੰਗਾ ਮੇਹਤਰ,ਜਿਸਨੂੰ ਗੰਗੂ ਬਾਬਾ ਵੀ ਕਿਹਾ ਜਾਂਦਾ ਸੀ।ਇਲਾਕੇ ਦੇ ਲੋਕਾਂ ਦਾ ਕਹਿੰਣਾ ਸੀ ਕਿ ਗੰਗੂ ਬਾਬਾ ਜਾਤ ਦਾ ਭੰਗੀ ਸੀ ਤੇ ਨਾਨਾ ਸਾਹਬ ਦੀ ਫੌਜ ਵਿਚ ਨਗਾਰਚੀ ਦੀ ਨੌਕਰੀ ਕਰਦਾ ਸੀ। ਉਸਦਾ ਜੁੱਸਾ ਬਹੁਤ ਤਗੜਾ ਸੀ ਤੇ ਉਹ ਪਹਿਲਵਾਨ ਵੀ ਸੀ। ਉਸਦਾ ਆਪਣਾ ਅਖਾੜਾ ਸੀ ਜਿੱਥੇ ਬਹੁਤ ਸਾਰੇ ਨੌਜਵਾਨ ਉਸ ਕੋਲੋਂ ਭਲਵਾਨੀ ਦੇ ਦਾਅ ਪੇਚ ਸਿਖਦੇ ਸਨ। ਗਦਰ ਦੌਰਾਨ ਉਹ ਬ੍ਰਿਟਿਸ਼  ਦੇ ਖਿਲਾਫ ਲੜਿਆ। ਸਤੀਚੌਰਾ ਨੇੜੇ ਗੰਗੂ ਬਾਬਾ ਆਪਣੇ ਸ਼ਗਿਰਦਾਂ ਨੂੰ ਨਾਲ ਲੈਕੇ ਅੰਗਰੇਜ਼ ਖਿਲਾਫ ਲੜਿਆ ਤੇ ਉਸਨੇ ਬ੍ਰਿਟਿਸ਼ ਫੌਜ਼ ਦੇ ਬਹੁਤ ਸਾਰੇ ਫੌਜੀ ਮਾਰ ਦਿੱਤੇ। ਬਗਾਵਤ ਕੁਚਲੇ ਜਾਣ ਤੋਂ ਮਗਰੋਂ ਗੰਗੂ ਬਾਬਾ ਨੂੰ ਫੜ ਲਿਆ ਗਿਆ ਤੇ ਸੂਲੀ ਚਾੜ ਦਿੱਤਾ ਗਿਆ। ਗੰਗੂ ਬਾਬਾ ਦੀ ਕਹਾਣੀ ਇਤਿਹਾਸ ਦੇ ਅਸਲ ਜਗਤ ਵਿਚ ਸ਼ਾਮਲ ਹੋਣ ਦੀ ਬਜਾਇ ਲੋਕ ਦਿਲਾਂ ਵਿਚ ਵਸ ਗਈ ਤੇ ਇਹ ਲੋਕ ਕਹਾਣੀ ਦੇ ਰੂਪ ਵਿਚ ਪੀੜ੍ਹੀ ਦਰ ਪੀੜ੍ਹੀ ਹੀ ਚਲਦੀ ਰਹੀ ਹੈ।ਜਿੱਥੇ ਗੰਗੂ ਬਾਬਾ ਦੀ ਸ਼ਹਾਦਤ ਹੋਈ  ਉਸ ਇਲਾਕੇ ਦੇ ਲੋਕਾਂ ਵਿਚ ਅਜੇ ਵੀ ਚੱਕਰ ਕਟ ਰਹੀ ਹੈ ਜਿਵੇਂ ਕਲ ਦੀ ਗੱਲ ਹੋਵੇ।ਇਸ ਵਿਚ ਕੁਝ ਲੋਕ ਅਖੌਤਾਂ ਵੀ ਸ਼ਾਮਲ ਹੋ ਗਈਆਂ ਹਨ ਤੇ ਗੰਗੂ ਬਾਬਾ ਅਮਰ ਹੋਕੇ ਅਜੇ ਵੀ ਜੀਅ ਰਿਹਾ ਹੈ। ਇਨ੍ਹਾਂ ਕਲਾਪਨਿਕ ਕਹਾਣੀਆਂ ਵਿਚ ਇੱਕ ਇਹ ਵੀ ਹੈ ਕਿ ਜਿੱਥੇ ਗੰਗੂ ਬਾਬਾ ਦੀ ਸ਼ਹਾਦਤ ਹੋਈ, ਉਹਦੇ ਕੋਲ ਹੀ ਇੱਕ ਡਰੇਨ ਦੀ ਉਸਾਰੀ ਸ਼ੁਰੂ ਹੋਈ।ਹਰ ਰਾਤ ਗੰਗੂ ਬਾਬਾ ਦਾ ਭੂਤ ਆਕੇ ਦਿਨ ਵੇਲੇ ਦੀ ਕੀਤੀ ਉਸਾਰੀ ਢਾਅ ਦਿੰਦਾ ਹੈ। ਅੰਗਰੇਜ਼ ਇੰਨਜਿਨੀਅਰ ਇਸ ਗੱਲੋਂ ਹੈਰਾਨ ਸਨ ਕਿ ਇਹ ਕੀ ਹੋ ਰਿਹਾ ਸੀ।ਲੋਕ ਦੰਦ-ਕਥਾ ਇਹ ਵਿ ਹੈ ਕਿ ਇੱਕ ਵਾਰ ਅੰਗਰੇਜ਼ ਇੰਨਜਿਨੀਅਰ ਰਾਤ ਨੂੰ ਸੁੱਤਾ ਪਿਆ ਸੀ ਕਿ ਗੰਗੂ ਬਾਬਾ ਉਸਦੇ ਸੁਪਨੇ ਵਿਚ ਆਇਆ ਤੇ ਉਸਨੇ ਕਿਹਾ ਕਿ ਡਰੇਨ ਤਦ ਹੀ ਪੂਰੀ ਹੋਵੇਗੀ ਜਦੋਂ ਉਸਦੇ ਮਰਨ ਵਾਲੀ ਜਗ੍ਹਾਂ ਇੱਕ ਚਬੂਤਰਾ ਬਣਾਇਆ ਜਾਵੇਗਾ ਤੇ ਅੰਗਰੇਜ਼ ਇੱਥੇ ਪ੍ਰਾਰਥਨਾ ਕਰਨਗੇ। ਗੰਗੂ ਬਾਬਾ ਦੇ ਨਿਰਦੇਸ਼ਾਂ ਨਾਲ ਅੰਗਰੇਜ਼ਾਂ ਨੇ ਉੱਥੇ ਚਬੂਤਰਾ ਬਣਾਇਆ ਤੇ ਉਸਤੋਂ ਬਾਦਾ ਹੀ ਡਰੇਨ ਦਾ ਕੰਮ ਪੂਰਾ ਹੋਇਆ। ਬਾਬੂ ਲਾਲ ਤੇ ਮੋਹਨ ਲਾਲ,ਸੁਦਰਸ਼ਨ ਨਗਰ ਦੇ ਦੋ ਵਾਸੀ ਇੱਕ ਅਵਾਜ਼ ਵਿਚ ਇਹ ਗੱਲ ਕਹਿੰਦੇ ਹਨ ਕਿ ਡੇਢ ਸੌ ਸਾਲ ਪਹਿਲਾਂ ਇੱਕ ਚਬੂਤਰਾ ਚੁਨੀਗੰਜ ਵਿਖੇ ਬਣਾਇਆ ਗਿਆ ਸੀ, ਜਿੱਥੇ ਗੰਗੂ ਬਾਬਾ ਦੀ ਸ਼ਹਾਦਤ ਹੋਈ। ਉੱਥੇ ਲੋਕ ਫੁਲ ਚੜ੍ਹਾਉਂਦੇ ਤੇ ਪ੍ਰਾਰਥਨਾ ਕਰਦੇ ਹਨ। ਇਹ ਵੀ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਜਦੋਂ ਇਹ ਚਬੂਤਰਾ ਬਣ ਗਿਆ,ਸ਼ਰਧਾਲੂ ਉੱਥੇ ਆਉਂਣੇ ਸ਼ੁਰੂ ਹੋ ਗਏ, ਟੱਲ ਖੜਕਾਉਂਦੇ ਤੇ ਸਿੰਧੂਰ ਚੜ੍ਹਾਉਂਦੇ।ਜਿਉਂ ਜਿਉਂ ਲੋਕਾਂ ਦਾ ਵਿਸ਼ਵਾਸ਼ ਵਧਦਾ ਗਿਆ, ਸਲਾਨਾ ਮੇਲਾ ਲੱਗਣਾ ਸ਼ੁਰੂ ਹੋ ਗਿਆ ਤੇ ਹੁਣ ਉਹ ਮੇਲਾ ਇਸ ਇਲਾਕੇ ਦਾ ਪਰਸਿਧ ਮੇਲਾ ਬਣ ਗਿਆ ਹੈ ਤੇ ਲੋਕੀਂ ਦੂਰੋਂ ਦੂਰੋਂ ਦੁਆਵਾਂ ਲੈਣ ਆਉਂਦੇ ਹਨ।ਹੁਣ ਇਹ ਮੇਲਾ ਕਾਨਪੁਰ ਵਿਖੇ ਭੰਗੀ ਬਸਤੀ ਵਿਚ ਲਗਦਾ ਹੈ। ਨਵੰਬਰ 3,1972 ਨੂੰ ਸਥਾਨਿਕ ਲੋਕਾਂ ਨੇ ਇਸ ਜਗ੍ਹਾ ਤੇ ਗੰਗੂ ਬਾਬਾ ਦਾ ਬੁੱਤ ਲਗਾ ਦਿੱਤਾ ਹੈ। ਦਿਨੋ ਦਿਨ ਨਵੀਆਂ ਲਾਈਟਾਂ,ਫੁਹਾਰੇ ਤੇ ਫੁਲਾਂ ਦੇ ਪੌਦੇ ਲਗ ਰਹੇ ਹਨ, ਤੇ ਸ਼ਰਧਾ ਦੇ ਫੁਲ ਕਰਾਂਤੀਕਾਰੀ  ਹੀਰੋ ਨੂੰ ਚੜ੍ਹਾਏ ਜਾਂਦੇ ਹਨ। ਭਾਵੇਂ ਇਸ ਵਿਚ ਸੁਪਨਾ, ਭੂਤ ਤੇ ਹੋਰ ਕਈ ਕੁਝ ਮਿੱਥ ਲਗਦਾ ਹੈ,ਜਿਵੇਂ ਇਨ੍ਹਾਂ ਦਾ ਕੋਈ ਸਾਇੰਸੀ ਅਧਾਰ ਨਹੀ ਪਰ ਇੱਥੇ ਗਲ ਸਿਰਫ ਦਲਿਤ,ਗੰਗੂ ਬਾਬਾ ਤੇ ਦਲਿਤਾਂ ਦੇ ਰੋਲ ਦੀ ਹੋ ਰਹੀ ਹੈ। ਲੋਕਾਂ ਦੀ ਸ਼ਰਧਾ ਕਿਵੇਂ ਵੀ ਜੁੜੀ ਪਰ ਅਸਲ ਮੁੱਦਾ ਤਾਂ ਉਸ ਭੁਮਿਕਾ ਦੀ ਹੈ ਜੋ ਨਿਭਾਈ ਗਈ।
ਗੰਗੂ ਬਾਬਾ ਦੀ ਕਹਾਣੀ ਹਰਮਨ ਪਿਆਰੀ ਤੇ ਸਥਾਨਿਕ ਲੋਕਾਂ ਦਾ ਮੂੰਹ ਜ਼ਬਾਨੀ ਦਾ ਇਤਿਹਾਸ ਹੈ ਪਰ ਦਲਿਤ ਇਤਿਹਾਸ ਲਈ ਜ਼ਰੂਰੀ ਹੈ ਤਾਂ ਕਿ ਇਹ ਸਮਝਿਆ ਜਾਵੇ ਤੇ ਦਲਿਤ ਸ਼੍ਰੇਣੀ ਦੇ  ਸਮੂਹਿਕ ਰੋਲ ਦੀ ਸ਼ਨਾਖਤ ਕੀਤੀ ਜਾਵੇ। 
ਇਸ ਕਹਾਣੀ ਨੂੰ ਨਵੇਂ ਸਿਰਿਉਂ ਉਲੀਕਿਆ ਗਿਆ ਤਾਂ ਕਿ ਦਲਿਤ ਹੀਰੋ ਦਾ ਇਤਿਹਾਸ ਵਿਚ ਜ਼ਿਕਰ ਹੋ ਸਕੇ। ਇਹ ਕਹਾਣੀ ਕੁਝ ਇਸਤਰ੍ਹਾਂ ਹੈ:-
ਗੰਗਾਦੀਨ ਉਰਫ ਗੰਗੂ ਪਹਿਲਵਾਨ, ਸਾਫ਼ ਰੰਗ ਦਾ,ਛੇ ਫੁੱਟਾ,ਚੌੜੀ ਛਾਤੀ ਤੇ ਲੰਮੀਆਂ ਬਾਹਾਂ  ਵਾਲਾ ਸੀ। ਉਸਦੇ ਬਜ਼ੁਰਗ ਕਾਨਪੁਰ ਦੇਹਾਤ ਜਿਲ੍ਹੇ ਦੇ ਪਿੰਡ ਅਕਬਰਪੁਰ ਵਿਚ ਰਹਿੰਦੇ ਸਨ। ਗੰਗੂ ਬਹੁਤ ਚੁਸਤ ਭਲਵਾਨ ਸੀ ਤੇ ਉਸਨੇ ਸਤੀਚੌੜਾ ਪਿੰਡ ਵਿਚ ਪੈਂਦੀ ਇੱਕ ਸੌ ਦਸ ਏਕੜ ਦੀ ਜ਼ਮੀਨ  ਵਿਚ  ਆਪਣਾ ਅਖਾੜਾ ਬਣਵਾਇਆ ਤੇ ਇਸ ਵਿਚ  ਇੱਕ ਬਾਗ ਵੀ ਸ਼ਾਮਲ ਸੀ। ਬਾਜੀ ਰਾਉ ਪੇਸ਼ਵਾ ਦੀ ਮੋਤ ਤੋਂ ਬਾਦ,ਜਦੋਂ ਨਾਨਾ ਸਾਹਬ ਪੇਸ਼ਵਾ ਦੂਜਾ ਨੇ ਰਾਜ ਸੰਭਾਲਿਆ,ਉਸਨੇ ਆਪਣੀ ਫੌਜੀ ਨਫਰੀ ਦੇ ਵਾਧੇ ਲਈ ਨਵੀ ਭਰਤੀ ਕੀਤੀ।ਛੋਟੀ ਸ਼੍ਰੇਣੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਗੰਗੂ ਬਾਬਾ ਨੇ ਵੀ ਨਗਾਰਚੀ ਵਜੋਂ ਫੌਜ ਵਿਚ ਨੌਕਰੀ ਕਰ ਲਈ। ਹਰ ਰੋਜ਼ ਜਦੋਂ ਫੌਜੀਆਂ ਦੀ ਪਰੇਡ ਹੁੰਦੀ ਤਾਂ ਗੰਗੂ ਬਾਬਾ ਡਰਮ ਵਜਾਉਂਦਾ ਤੇ ਨਾਲ ਦੇ ਨਾਲ ਹੀ ਉਸਨੇ ਫੌਜੀਆਂ ਵਾਲੀਆਂ ਸਾਰੀਆਂ ਕਲਾਵਾਂ ਵਿਚ ਮੁਹਾਰਤ ਹਾਸਲ ਕਰ ਲਈ। ਬਾਦ ਵਿਚ ਉਸਦੀ ਤੱਰਕੀ ਹੋ ਗਈ ਤੇ ਉਸਨੂੰ ਸੂਬੇਦਾਰ ਬਣਾ ਦਿੱਤਾ ਗਿਆ। ਗੰਗਾਦੀਨ ਨਾਨਾ ਸਾਹਬ  ਦੇ ਬਹੁਤ ਹੀ ਭਰੋਸੇਵਾਲਿਆਂ ਵਿਚ ਸ਼ਾਮਲ ਸੀ। ਤੇ ਵਕਤ ਆਉਣ ਤੇ ਮੋਢੇ ਨਾਲ ਮੋਢਾ ਡਾਹ ਕੇ ਅੰਗਰੇਜ਼ਾਂ ਨਾਲ ਲੋਹਾ ਲਿਆ। ਬਿਠੂਰ ਵਿਖੇ ਨਾਨਾ ਸਾਹਬ ਦੀ ਫੌਜ ਵਿਚ ਕੁਝ ਗਿਣਤੀ ਵਿਚ ਗਿਰੀ ਜਾਤ ਦੇ ਵੀ ਸਨ। ਗਿਰੀ ਜਾਤ ਦਾ ਸਬੰਧ ਨਾਗਿਆਂ ਨਾਲ ਸੀ। ਨੰਗੇ ਸੰਤ ਜੋ ਸਰੀਰ ਤੇ ਸੁਆਹ ਮੱਲ ਲੈਂਦੇ ਸਨ। ਉਨ੍ਹਾਂ ਦੇ ਸਾਥ ਵਿਚ ਗੰਗੂ ਤੇ ਰੂਹਾਨੀਅਤ ਦਾ ਰੰਗ ਚੜ ਗਿਆ ਤੇ ਹਮੇਸ਼ਾਂ ਇਹ ਕੋਸ਼ਿਸ਼ ਕਰਦਾ ਕਿ ਉਹ ਫੌਜ ਦੌਰਾਨ ਉਨ੍ਹਾਂ ਦੀ ਸੰਗਤ ਵਿਚ ਰਹੇ। ਇਹ ਸਾਧ ਸੰਤ ਕਬੀਰ ਤੇ ਦੂਸਰੇ ਨਿਰਗੁਣ ਸੰਤਾਂ ਨੂੰ ਮੰਨਣ ਵਾਲੇ ਸਨ। ਇਸਨੇ ਗੰਗੂਦੀਨ ਨੂੰ ਗੰਗੂ ਗਿਰੀ ਦਾ ਲਕਬ ਵੀ ਦਿੱਤਾ।
ਜਦੋਂ ਨਾਨਾ ਸਾਹਬ ਨੇ ਬਿਠੂਰ ਦੇ ਕੈਂਪ ਤੇ ਕਬਜਾ ਕਰ ਲਿਆ ਤਾਂ ਗੰਗੂ ਬਾਬਾ,ਨਾਨਾ ਸਾਹਬ ਦੇ ਘੇਰੇ ਵਿਚ ਉਨ੍ਹਾਂ ਦੇ ਜਾਤੀ ਬੌਡੀ ਗਾਰਡਾਂ ਵਿਚੋਂ ਇੱਕ ਸੀ। ਲੜਾਈ ਦੇ ਨਾਲ ਨਾਲ, ਗੰਗੂ ਬਾਬਾ ਨਗਾਰਾ ਵੀ ਵਜਾਉਂਦਾ ਸੀ ਜੋ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਵਜਾਇਆ ਜਾਂਦਾ ਸੀ। ਬ੍ਰਿਟਿਸ਼ ਦੇ ਆਉਣ ਤੋਂ ਬਾਦ ਇਨ੍ਹਾਂ ਨਗਾਰਿਆਂ ਨੂੰ ਪਿੱਤਲ ਦੇ ਸਾਈਡਰਮਾ ਵਿਚ ਬਦਲ ਦਿੱਤਾ ਗਿਆ ਜਿਸਨੂੰ ਮਿਲਟਰੀ ਬੈਂਡ ਵੀ ਕਿਹਾ ਜਾਂਦਾ ਹੈ।ਫੌਜ ਵਿਚ  ਡਰਮ ਵਜਾਉਂਣ ਵਾਲੇ ਰਿਵਾਜ਼ ਅਨੁਸਾਰ  ਅਕਸਰ ਭੰਗੀ ਜਾਤ ਦੇ ਹੀ ਹੁੰਦੇ ਸਨ।
ਇੱਕ ਦਿਨ 1857 ਦੇ ਅੱਧ ਦੀ ਗੱਲ ਹੈ ਜਦੋਂ ਗੰਗਾਦੀਨ ਸਤੀਚੌੜਾ ਵਿਖੇ ਅਖਾੜੇ ਵਿਚ ਸੀ, ਨਾਨਾ ਸਾਹਬ ਦੇ ਕੁਝ ਸਿਪਾਹੀ ਆਏ ਤੇ ਦਸਿਆ ਕਿ ਬ੍ਰਿਟਿਸ਼ ਆਰਮੀ ਉਹਦੇ ਅਖਾੜੇ ਵਲ ਆ ਰਹੀ ਹੈ। ਕੁਝ ਸਮੇਂ  ਬਾਦ ਹੀ ਕੈਪਟਨ ਹੈਵੇਲੌਕ ਦੀ ਅਗਵਾਈ ਹੇਠ ਅਖਾੜੇ ਪਹੁੰਚ ਗਏ ਜਿੱਥੇ ਉਨ੍ਹਾਂ ਦਾ ਮੁਕਾਬਲਾ ਗੰਗਾਦੀਂਨ ਤੇ ਉਸਦੇ ਸ਼ਰਧਾਲੂਆਂ ਨਾਲ ਹੋਇਆ। ਉਸਨੇ ਕੈਪਟਨ ਨੂੰ ਲਲਕਾਰ ਕੇ ਕਿਹਾ ਕਿ ਉਹ ਕੋਈ ਰਾਜੇ, ਮਹਾਰਾਜੇ ਨਹੀ ਹਨ ਜੋ ਬ੍ਰਿਟਿਸ਼ ਫੌਜ਼ ਦੇ ਹਮਲੇ ਦੌਰਾਨ ਆਪਣੇ ਕਿਲ੍ਹੇ ਤੇ ਮਹੱਲ ਛਡਕੇ ਦੌੜ ਜਾਂਦੇ ਹਨ। ਉਹ ਬਿਠੂਰ ਦੇ ਵਾਸੀ ਹਨ ਤੇ ਇਹ ਜ਼ਮੀਂਨ ਸਾਡੀ ਹੈ, ਨਾਨਾ ਸਾਹਬ ਭਾਵੇਂ ਪੂਨੇ ਤੋਂ ਆਇਆ ਸੀ ਪਰ ਫੌਜੀ ਸਥਾਨਿਕ ਹੀ ਸਨ, ਬਿਠੂਰ ਉਨ੍ਹਾਂ ਦੇ ਪੂਰਵਜ਼ਾਂ ਦੀ ਅਮਾਨਤ ਸੀ ਤੇ ਉਹ ਆਖਰੀ ਸਾਹ ਤਕ ਆਪਣੇ ਪੂਰਵਜਾਂ ਦੀ ਜ਼ਮੀਨ ਦੇ ਜ਼ਰੇ ਜ਼ਰੇ ਖਾਤਰ ਲੜਣਗੇ।
ਜਿਉਂ ਹੀ ਅੰਗਰੇਜ਼ ਫੌਜੀਆਂ ਨੇ ਗੰਗੂਦੀਨ ਤੇ ਉਸਦੇ ਸਾਥੀਆਂ ਤੇ ਗੋਲੀਆਂ ਚਲਾਈਆਂ, ਉਨ੍ਹਾਂ ਨੇ ਤਲਵਾਰਾਂ ਧੂਹ ਲਈਆਂ। ਗੰਗੂਦੀਨ ਨੇ ਹੈਵੋਲੌਕ ਦਾ ਸਿਰ ਲਾਹ ਹੀ ਦੇਣਾ ਸੀ ਪਰ ਫੌਜੀਆਂ ਨੇ ਉਸ ਦਵਾਲੇ ਘੇਰਾ ਬਹੁਤ ਹੀ ਸਖਤ ਕਰ ਦਿੱਤਾ। ਗੰਗੂਦੀਨ ਜ਼ਖਮੀ ਹੋਕੇ ਲਹੂ ਲੁਹਾਨ ਹੋ ਗਿਆ।ਗੰਗੂ ਬਾਬਾ ਨੇ ਘੌੜੇ ਤੇ ਪਲਾਕੀ ਮਾਰੀ ਤੇ ਚੂਨੀਗੰਜ ਦੇ ਘਾਟ ਵਲ ਰੁਖ ਕੀਤਾ, ਬਦਕਿਸਮਤੀ ਨਾਲ ਉਹ ਰਸਤੇ ਵਿਚ ਹੀ ਘੋੜੇ ਤੋਂ ਡਿਗ ਪਿਆ। ਦੁਸ਼ਮਣ ਫੌਜੀਆਂ ਨੇ ਪਕੜ ਲਿਆ  ਤੇ ਮੁਸ਼ਕਾਂ ਕਸ ਦਿੱਤੀਆਂ ਤੇ ਕਾਨਪੁਰ ਦੀ ਜੇਲ ਵਿਚ ਸੁਟ ਦਿੱਤਾ।
ਜੂਨ 5,1858 ਨੂੰ ਕੁਝ ਬ੍ਰਿਟਿਸ਼ ਫੌਜੀ ਆਏ ਤੇ ਗੰਗੂ ਦਾ ਮੂੰਹ ਕਾਲੇ ਕਪੜੇ ਨਾਲ ਬੰਨ ਦਿੱਤਾ ਗਿਆ। ਉਹ ਉਸਨੂੰ ਬ੍ਰਿਟਿਸ਼ ਸਿਵਲ ਸਰਜਨ, ਜੌਨ ਨਿਕੋਲਸ ਟਰੈਸੀਦਰ ਕੋਲ ਲੈ ਗਏ,ਜਿਸਨੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕੀਤਾ ਤੇ ਫੋਟੋ ਖਿਚੀ। ਫਿਰ ਉਨ੍ਹਾਂ ਨੂੰ ਚੂਨੀਗੰਜ ਦੇ ਜੰਗਲ ਵਿਚ ਲੈ ਗਏ। ਗੰਗੂ ਬਾਬਾ ਦਾ ਮੂੰਹ ਕਾਲੇ ਕਪੜੇ ਨਾਲ ਢਕਿਆ ਹੋਇਆ ਸੀ। ਉੱਥੇ ਨਿੰਮ ਦੇ ਦਰਖਤ ਨਾਲ ਟੰਗ ਕੇ ਸ਼ਹੀਦ ਕਰ ਦਿੱਤਾ ਗਿਆ। ਰੱਸੀ ਦਾ ਦੂਜਾ ਸਿਰਾ ਘੋੜੇ ਨਾਲ ਬੰਨ ਕੇ ਉਸਨੂੰ ਉਲਟਾ ਦੌੜਾਇਆ ਗਿਆ। ਪਰਿਵਾਰ ਵਾਲਿਆਂ ਉਨ੍ਹਾਂ ਦਾ ਸੰਸਕਾਰ ਅਖਾੜੇ  ਵਿਚ ਕਰ ਦਿੱਤਾ ਗਿਆ।
ਗੰਗੂ ਬਾਬਾ;- ਅਸਲੀਅਤ ਤੇ ਗਲਪ ਕਲਪਿਤ ਕਥਾ:-
ਭਾਵੇਂ ਗੰਗੂ ਬਾਬਾ ਦੀ ਕਹਾਣੀ ਦਾ ਜ਼ਿਕਰ ਦਲਿਤਾਂ ਨੇ ਕੀਤਾ ਤੇ ਕੁਝ ਐਸੇ ਤਤ ਵੀ ਭਰ ਦਿੱਤੇ ਜਿਸ ਨਾਲ ਇਹ ਡਰਾਮੇ ਬਾਜ਼ੀ ਵੀ ਲਗਣ ਲੱਗ ਪਈ,ਗੱਲ ਨੂੰ ਬਹੁਤ ਹੀ ਵਧਾ ਚੜ੍ਹਾ ਕਿ ਪੇਸ਼ ਕੀਤਾ ਗਿਆ। ਪਰ ਕੁਝ ਤੱਥ ਐਸੇ ਵੀ ਹਨ ਜਿਨ੍ਹਾਂ ਦੇ ਅਧਾਰ ਤੇ ਅਸੀਂ ਗੰਗੂ ਬਾਬਾ ਦਾ ਸਾਰਾ ਕਿੱਸਾ ਹੀ ਕਲਪਿਤ ਨਹੀ ਕਹਿ ਸਕਦੇ। ਹੇਠ ਲਿਖੇ ਕੁਝ ਕਾਰਣ ਹਨ।

  • ਗੰਗੂ ਮੇਹਤਰ ਦੀ ਫੋਟੋ ਅੰਗਰੇਜ਼ ਡਾਕਟਰ ਜੌਨ ਨਿਕੋਲਸ ਟਰੀਸਦਰ ਨੇ ਫਾਂਸੀ ਤੋਂ ਪਹਿਲਾਂ ਖਿਚੀ।ਇਹ ਅਲਕਾ ਜੀ ਦੀ ਨਿੱਜੀ ਕੁਲੈਕਸ਼ਨ ਵਿਚੋਂ ਮਿਲੀ। ਇਹ ਫੋਟੋ  1857 ਦੇ ਗਦਰ ਸਬੰਧੀ ਨਵੀ ਦਿੱਲੀ ਦੇ ਸਾਹਤਿਕ  ਮੈਗਜ਼ੀਨ ਵਿਚ ਛਪੀ।
  • ਗੰਗੂ ਬਾਬਾ ਦੇ ਵਾਰਿਸ ਜਿਨ੍ਹਾ ਵਿਚ ਬਾਬੂ ਲਾਲ ਵੀ ਸ਼ਾਮਲ ਹੈ ਜੋ ਉਨ੍ਹਾਂ  ਪੜ-ਪੋਤਰਾ ਹੈ ਜੋ ਅਜੇ ਵੀ ਕਾਨਪੁਰ ਵਿਚ ਰਹਿੰਦੇ ਹਨ।ਬਾਬੂ ਲਾਲ ਜੋ ਕਾਨਪੁਰ ਦੇ ਸੁਦਰਸ਼ਨ ਨਗਰ ਦਾ ਵਾਸੀ ਹੈ, ਦਾ ਕਹਿੰਣਾ ਹੈ ਕਿ ਉਸਦੇ ਪੂਰਵਜ਼ ਕਸਬਾ ਅਕਬਰ ਪੁਰ ਜਿਲ੍ਹਾਂ ਕਾਨਪੁਰ ਦਿਹਾਤ ਦੇ ਵਸਨੀਕ ਸਨ। ਪਰੰਤੂ ਬਾਦ ਵਿਚ ਗੰਗਾਦੀਨ ਦਾ ਪਰਿਵਾਰ ਜਿਸ ਵਿਚ ਉਸਦੇ ਪਿਤਾ ਬਖਤਾਵਰ ਤੇ ਉਸਦੀ ਮਾਤਾ ਜੀ, ‘ਬੁਧਿਆ’ਨੇ ਅਕਬਰਪੁਰਾ ਛੱਡ ਦਿੱਤਾ ਤੇ ਉਹ ਕਾਨਪੁਰ ਆ ਗਏ,ਜਿੱਥੇ ਉਹ ‘ਸੂਬੇਦਾਰ ਕਾ ਤਾਲਾਬ’,ਚੂਨੀਗੰਜ ਆਕੇ ਵੱਸ ਗਏ। ਬਾਬੂ ਲਾਲ ਦਾ ਪਿਤਾ ਤੇ ਦਾਦਾ ਨੇ ਦਸਿਆ ਹੈ ਕਿ ਗੰਗੂ ਬਾਬਾ ਉਨ੍ਹਾਂ ਦਾ ਵਡੇਰਾ ਨਾਨਾ ਸਾਹਬ ਦੀ ਫੌਜ ਵਿਚ ਨਗਾਰਚੀ ਸੀ। ਉਸਦੀ ਬਹਾਦਰੀ ਕਰਕੇ ਨਾਨਾ ਸਾਹਬ ਨੇ ਉਨ੍ਹਾਂ ਨੂੰ ਸੂਬੇਦਾਰ ਬਣਾ ਦਿੱਤਾ ਸੀ।
  • ਗੰਗੂ ਬਾਬਾ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਦੌਰਾਨ ਨਾਗਾ ਸਾਧੂਆਂ ਨਾਲ ਜੁੜ ਗਏ ਸਨ, ਇਸੇ ਲਈ ਉਨ੍ਹਾਂ ਨੂੰ ਗੰਗੂ ਗਿਰੀ ਵੀ ਕਿਹਾ ਜਾਂਦਾ ਸੀ। ਬਨਾਰਸ ਦੇ  ਜੂਨਾ ਅਖਾੜਾ ਬਰਾਂਚ ਵਿਚ ਇਹ ਰਜਿਸਟਰ ਵਿਚ ਦਰਜ਼ ਹੈ ਕਿ ਗੰਗੂ ਗਿਰੀ ਕਾਨਪੁਰ ਵਾਸੀ ਸੀ। ਸਤੀਚੌੜਾ ਵਿਖੇ ਗੰਗੂ ਬਾਬਾ ਦੀ ਸਮਾਧ ਕੋਲ, ਗੰਗੂ ਗਿਰੀ ਦੀ ਯਾਦ ਵਿਚ, ਹਰ ਸਾਲ ਮੇਲਾ ਮਨਾਇਆ ਜਾਂਦਾ ਹੈ।

 ਇਸਤਰਾਂ ਕੁਝ ਤਥ ਹਨ ਜਿਨ੍ਹਾਂ ਦੇ ਅਧਾਰ ਤੇ ਲੋਕ ਕਥਾਵਾਂ ਦਾ ਸੱਚ ਉਭਰਦਾ ਹੈ। ਇਹ ਉਭਰਿਆ ਸੱਚ ਦਲਿਤਾਂ ਦਾ ਸਬੰਧ ਜਿੱਥੇ 1857 ਦੀ ਬਗਾਵਤ ਨਾਲ ਜੋੜਦਾ ਹੈ, ਉੱਥੇ ਇਹ ਵੀ  ਸਥਾਪਿਤ ਹੁੰਦਾ ਹੈ ਕਿ ਇੱਕਲੀ ਸ਼ਮੂਲੀਅਤ ਹੀ ਨਹੀ ਸਗੋਂ ਮਾਅਰਕੇ ਵੀ ਸ਼ਾਮਲ ਸਨ। ਇਹ ਨਹੀ ਕਿਹਾ ਜਾ ਸਕਦਾ ਕਿ ਇਹ ਦਲਿਤਾਂ ਦਾ  ਕਾਲਪਨਿਕ ਮੰਨਘੜਤ ਬਿਆਨ ਹੈ। ਲੋਕ ਕਥਾਵਾਂ ਦਾ ਕਲਚਰ ਇੱਕ ਕੀਮਤੀ ਸਰੋਤ ਹੈ ਜੋ ਦਲਿਤਾਂ ਦੀ ਪਾਈ ਹਿੱਸੇਦਾਰੀ ਤੇ ਮੋਹਰ ਲਾਉਂਦਾ ਹੈ ਤੇ ਇਤਿਹਾਸਕਾਰਾਂ ਨੂੰ ਇਹ ਪੁਖਤਾ ਸਰੋਤ ਮੰਨਕੇ ਹੀ ਗੱਲ ਕਰਨੀ ਚਾਹੀਦੀ ਹੈ। ਇਸਦੇ ਇਲਾਵਾ ਲੋਕ ਕਥਾਵਾਂ ਦਾ ਕਲਚਰ ਦਲਿਤਾਂ ਦਾ ਸੁਸਤ,ਤਾਬੇਦਾਰੀ ਵਿਚ ਰਹਿੰਣ ਦਾ ਸੰਕਲਪ,ਆਗਿਆਕਾਰੀ ਹੋਣਾ ਤੇ ਬਾਹਮਣਵਾਦ ਦੀ ਅਧੀਨਗੀ ਸਵੀਕਾਰ ਕਰਨੀ ਵਰਗੇ ਮੁੱਦਿਆਂ ਨੂੰ ਸਹੀ  ਦਿਸ਼ਾ ਪਰਦਾਨ ਕਰਨਾ ਹੈ। ਇਹ ਬਰਾਹਮਣ ਵਾਦੀ ਸੋਚ ਹੈ।  ਇਸਲਈ ਦਲਿਤਾਂ ਦਾ ਬਗਾਵਤ ਵਿਚਲੇ ਰੋਲ ਨੂੰ ਨਕਾਰਨਾ ਠੀਕ ਨਹੀ ਹੈ। ਤੱਥ ਕੁਝ ਹੋਰ ਦਸ ਰਹੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਇਤਿਹਾਸ ਨੂੰ ਤੱਥਾਂ ਅਧਾਰਿਤ ਵਾਚਿਆ ਜਾਵੇ ਤਾਂ ਕਿ ਜੋ ਕੁਝ ਗੁਆਚ ਵੀ ਗਿਆ ਹੈ, ਜੋ ਕੁਝ ਭਰਮ ਉਸਾਰ ਗਿਆ ਹੈ, ਉਸਨੂੰ ਨਵੇਂ ਸਿਰਿਉਂ ਜੀਂਦਾ ਕੀਤਾ ਜਾ ਸਕੇ।

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google photo

ਤੁਸੀਂ Google ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: